ਡੇਰਾਬੱਸੀ ‘ਚ ਇੰਡਸ ਹਸਪਤਾਲ ਮੁੜ ਵਿਵਾਦਾਂ ‘ਚ, 36 ਸਾਲਾ ਯੁਵਕ ਦੀ ਮੌਤ ਤੋਂ ਬਾਅਦ ਪਰਿਵਾਰ ਵੱਲੋਂ ਲਾਪਰਵਾਹੀ ਦੇ ਦੋਸ਼

ਡੇਰਾਬੱਸੀ, 13 ਅਪ੍ਰੈਲ (ਗੁਰਪ੍ਰੀਤ ਸਿੰਘ) : ਡੇਰਾਬੱਸੀ-ਅੰਬਾਲਾ ਸੜਕ ‘ਤੇ ਸਥਿਤ ਇੰਡਸ ਹਸਪਤਾਲ ਇੱਕ ਵਾਰ ਮੁੜ ਤੋਂ ਵਿਵਾਦਾਂ ‘ਚ ਘਿਰ ਗਿਆ ਹੈ। 4 ਅਪ੍ਰੈਲ ਨੂੰ ਛਾਤੀ ਵਿਚ ਹਲਕੇ ਦਰਦ ਦੀ ਸ਼ਿਕਾਇਤ ਨਾਲ ਦਾਖਲ ਕਰਵਾਏ ਗਏ 36 ਸਾਲਾ ਦੀਪਕ ਪੁੱਤਰ ਲੋਕੇਂਦਰ ਸ਼ਰਮਾ ਦੀ 13 ਅਪ੍ਰੈਲ ਨੂੰ ਮੌਤ ਹੋ ਗਈ, ਜਿਸ ਤੋਂ ਬਾਅਦ ਪਰਿਵਾਰ ਨੇ ਡਾਕਟਰਾਂ ‘ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਗਾਏ ਹਨ।

ਮ੍ਰਿਤਕ ਦੀ ਪਹਿਚਾਣ ਦੀਪਕ ਵਜੋਂ ਹੋਈ ਹੈ, ਜੋ ਡੇਰਾਬੱਸੀ ਦੀ ਜੀਬੀਪੀ ਸੋਸਾਇਟੀ ਦਾ ਵਸਨੀਕ ਸੀ ਅਤੇ ਸਪੇਅਰ ਪਾਰਟ ਡਿਸਟ੍ਰੀਬਿਊਟਰ ਵਜੋਂ ਕੰਮ ਕਰਦਾ ਸੀ। ਪਰਿਵਾਰਕ ਮੈਂਬਰਾਂ ਮੁਤਾਬਕ, ਦੀਪਕ ਨੂੰ 4 ਅਪ੍ਰੈਲ ਨੂੰ ਹਲਕੇ ਦਰਦ ਤੋਂ ਬਾਅਦ ਆਪ ਹੀ ਗੱਡੀ ਚਲਾ ਇੰਡਸ ਹਸਪਤਾਲ ਵਿੱਚ ਦਾਖਲ ਹੋਇਆ ਸੀ, ਜਿੱਥੇ ਡਾਕਟਰਾਂ ਨੇ ਉਸ ਦੇ ਦਿਲ ਵਿੱਚ ਸਟੰਟ ਪਾਇਆ। ਪਰਿਵਾਰ ਦਾ ਦੋਸ਼ ਹੈ ਕਿ ਸਟੰਟ ਪਾਉਣ ਤੋਂ ਬਾਅਦ ਹੀ ਦੀਪਕ ਦੀ ਹਾਲਤ ਵਿਗੜਣ ਲੱਗ ਪਈ। ਡਾਕਟਰਾਂ ਨੇ ਬਾਅਦ ਵਿੱਚ ਦਿਮਾਗ ਵਿੱਚ ਬਲੌਕੇਜ ਹੋਣ ਦੀ ਗੱਲ ਕਹਿ ਕੇ ਉਸਦਾ ਓਪਰੇਸ਼ਨ ਕਰ ਦਿੱਤਾ, ਪਰ ਓਪਰੇਸ਼ਨ ਤੋਂ ਬਾਅਦ ਦੀਪਕ ਨੂੰ ਹੋਸ਼ ਨਹੀਂ ਆਇਆ ਅਤੇ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ।

ਅੱਜ 13 ਅਪ੍ਰੈਲ ਸ਼ਾਮ ਕਰੀਬ 5 ਵਜੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ—ਪਤਨੀ, ਭਰਾ ਅਤੇ ਪਿਤਾ—ਨੇ ਦਾਅਵਾ ਕੀਤਾ ਕਿ ਡਾਕਟਰਾਂ ਦੀ ਲਾਪਰਵਾਹੀ ਕਾਰਨ ਹੀ ਦੀਪਕ ਦੀ ਮੌਤ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਿਨਾਂ ਪੂਰੀ ਜਾਣਕਾਰੀ ਦੇ ਦਿਮਾਗ ਦਾ ਓਪਰੇਸ਼ਨ ਕੀਤਾ ਗਿਆ ਅਤੇ ਮਰੀਜ਼ ਨੂੰ ਕ੍ਰਿਤ੍ਰਿਮ ਤੌਰ ‘ਤੇ ਵੈਂਟੀਲੇਟਰ ‘ਤੇ ਰੱਖ ਕੇ ਪਰਿਵਾਰ ਤੋਂ ਲੱਖਾਂ ਰੁਪਏ ਵਸੂਲੇ ਗਏ। ਪਰਿਵਾਰ ਨੇ ਡਾਕਟਰ ਰਾਜੇਸ਼ ਕੁਮਾਰ ਅਤੇ ਡਾਕਟਰ ਨਰੇਸ਼ ਬੰਸਲ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਹੈ। ਇਸ ਸਬੰਧੀ ਡੇਰਾਬੱਸੀ ਦੇ ਐਸ.ਐਚ.ਓ. ਇੰਸਪੈਕਟਰ ਸੁਮਿਤ ਮੋਰ ਨੇ ਦੱਸਿਆ ਕਿ ਪਰਿਵਾਰ ਵੱਲੋਂ ਸ਼ਿਕਾਇਤ ਮਿਲੀ ਹੈ।

ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ‘ਚ ਰੱਖਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਲਈ ਸਿਵਲ ਸਰਜਨ ਮੋਹਾਲੀ ਵੱਲੋਂ ਮਾਹਿਰਾਂ ਦਾ ਪੈਨਲ ਬਣਾਇਆ ਜਾਵੇਗਾ ਅਤੇ ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਅਪ੍ਰੈਲ 2023 ਵਿੱਚ ਵੀ ਇਸੇ ਹਸਪਤਾਲ ‘ਤੇ ਕਿਡਨੀ ਰਿਪਲੇਸਮੈਂਟ ਦੇ ਨਾਂ ‘ਤੇ ਲੱਖਾਂ ਰੁਪਏ ਦੇ ਹੇਰਫੇਰ ਦੇ ਗੰਭੀਰ ਦੋਸ਼ ਲੱਗ ਚੁੱਕੇ ਹਨ।

By Gurpreet Singh

Leave a Reply

Your email address will not be published. Required fields are marked *