ਈਰਾਨ ਨੂੰ ਮਿਲਿਆ ਨਵਾਂ ਸੁਪਰੀਮ ਲੀਡਰ, ਮੋਜਤਬਾ ਖ਼ਾਮੇਨੇਈ ਦੇ ਨਾਂਅ ‘ਤੇ ਲੱਗੀ ਮੋਹਰ

ਤਹਿਰਾਨ : ਈਰਾਨ ਵਿੱਚ ਜਾਰੀ ਭਾਰੀ ਸਿਆਸੀ ਉਥਲ-ਪੁਥਲ ਅਤੇ ਅਮਰੀਕਾ-ਇਜ਼ਰਾਈਲ ਨਾਲ ਵਧਦੇ ਤਣਾਅ ਦੇ ਵਿਚਕਾਰ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ, ਅਯਾਤੁੱਲਾ ਅਲੀ ਖ਼ਾਮੇਨੇਈ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਬੇਟੇ ਮੋਜਤਬਾ ਖ਼ਾਮੇਨੇਈ ਨੂੰ ਈਰਾਨ ਦਾ ਨਵਾਂ ਸਰਵਉੱਚ ਨੇਤਾ (ਸੁਪਰੀਮ ਲੀਡਰ) ਚੁਣ ਲਿਆ ਗਿਆ ਹੈ। ਦੇਸ਼ ਦੀ ਪ੍ਰਭਾਵਸ਼ਾਲੀ ਸੰਸਥਾ ‘ਅਸੈਂਬਲੀ ਆਫ਼ ਐਕਸਪਰਟਸ’, ਜਿਸ ਵਿੱਚ 88 ਸੀਨੀਅਰ ਮੌਲਵੀ ਸ਼ਾਮਲ ਹਨ, ਨੇ 56 ਸਾਲਾ ਮੋਜਤਬਾ ਦੇ ਨਾਂਅ ‘ਤੇ ਆਪਣੀ ਮੋਹਰ ਲਗਾ ਦਿੱਤੀ ਹੈ। ਹਾਲਾਂਕਿ, ਈਰਾਨੀ ਸਰਕਾਰ ਵੱਲੋਂ ਅਜੇ ਤੱਕ ਇਸ ਦਾ ਅਧਿਕਾਰਤ ਐਲਾਨ ਕੀਤਾ ਜਾਣਾ ਬਾਕੀ ਹੈ।

IRGC ਦੀ ਭੂਮਿਕਾ ਰਹੀ ਅਹਿਮ

ਸੂਤਰਾਂ ਅਨੁਸਾਰ, ਇਸ ਚੋਣ ਪ੍ਰਕਿਰਿਆ ਵਿੱਚ ਈਰਾਨ ਦੀ ਸਭ ਤੋਂ ਸ਼ਕਤੀਸ਼ਾਲੀ ਫੌਜੀ ਸੰਸਥਾ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ (IRGC) ਨੇ ਕੇਂਦਰੀ ਭੂਮਿਕਾ ਨਿਭਾਈ ਹੈ। ਜੰਗ ਅਤੇ ਸੰਕਟ ਦੀ ਸਥਿਤੀ ਨੂੰ ਦੇਖਦੇ ਹੋਏ ਫੌਜ ਅਤੇ IRGC ਨੇ ਮੋਜਤਬਾ ਨੂੰ ਸਭ ਤੋਂ ਸੁਰੱਖਿਅਤ ਅਤੇ ਢੁਕਵਾਂ ਬਦਲ ਮੰਨਿਆ ਹੈ। ਜ਼ਿਕਰਯੋਗ ਹੈ ਕਿ ਈਰਾਨੀ ਵਿਵਸਥਾ ਵਿੱਚ ਸੁਪਰੀਮ ਲੀਡਰ ਹੀ ਫੌਜ ਦਾ ਕਮਾਂਡਰ-ਇਨ-ਚੀਫ ਹੁੰਦਾ ਹੈ ਅਤੇ ਸਾਰੇ ਰਣਨੀਤਕ ਫੈਸਲਿਆਂ ਵਿੱਚ ਉਸਦਾ ਫੈਸਲਾ ਹੀ ਅੰਤਿਮ ਹੁੰਦਾ ਹੈ।

ਨਿਯੁਕਤੀ ਨੂੰ ਲੈ ਕੇ ਉੱਠ ਰਹੇ ਸਵਾਲ 

ਮੋਜਤਬਾ ਦੀ ਨਿਯੁਕਤੀ ਨਾਲ ਈਰਾਨ ਵਿੱਚ ਇੱਕ ਨਵੀਂ ਬਹਿਸ ਛਿੜ ਗਈ ਹੈ। 1979 ਦੀ ਇਸਲਾਮੀ ਕ੍ਰਾਂਤੀ ਰਾਜਸ਼ਾਹੀ ਦੇ ਵਿਰੁੱਧ ਹੋਈ ਸੀ, ਅਜਿਹੇ ਵਿੱਚ ਪਿਤਾ ਤੋਂ ਬਾਅਦ ਪੁੱਤਰ ਨੂੰ ਸੱਤਾ ਸੌਂਪਣਾ ‘ਵੰਸ਼ਵਾਦ’ ਦੇ ਦੋਸ਼ਾਂ ਨੂੰ ਜਨਮ ਦੇ ਰਿਹਾ ਹੈ, ਜੋ ਕਿ ਇਸਲਾਮੀ ਗਣਰਾਜ ਦੇ ਵਿਚਾਰਧਾਰਕ ਸਿਧਾਂਤਾਂ ਦੇ ਵਿਰੁੱਧ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮੋਜਤਬਾ ਨੂੰ ਇਕ ਮੱਧ-ਪੱਧਰੀ ਮੌਲਵੀ ਮੰਨਿਆ ਜਾਂਦਾ ਹੈ, ਜਦਕਿ ਰਵਾਇਤੀ ਨਿਯਮਾਂ ਅਨੁਸਾਰ ਇਸ ਅਹੁਦੇ ਲਈ ਉੱਚ ਧਾਰਮਿਕ ਦਰਜਾ ਹੋਣਾ ਲਾਜ਼ਮੀ ਹੈ।

ਕੀ ਹੋਵੇਗਾ ਅਸਰ? 

ਮਾਹਰਾਂ ਦਾ ਮੰਨਣਾ ਹੈ ਕਿ ਮੋਜਤਬਾ ਦਾ ਸੁਪਰੀਮ ਲੀਡਰ ਬਣਨਾ ਇਹ ਸੰਕੇਤ ਦਿੰਦਾ ਹੈ ਕਿ ਈਰਾਨ ਆਪਣੀਆਂ ਮੌਜੂਦਾ ਨੀਤੀਆਂ ਵਿੱਚ ਕੋਈ ਵੱਡਾ ਬਦਲਾਅ ਨਹੀਂ ਕਰੇਗਾ। ਈਰਾਨ ਇਸ ਸਮੇਂ ਇਜ਼ਰਾਈਲ ਅਤੇ ਅਮਰੀਕਾ ਨਾਲ ਜੰਗ ਵਰਗੇ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਅਜਿਹੇ ਸਮੇਂ ਵਿੱਚ ਇਹ ਲੀਡਰਸ਼ਿਪ ਤਬਦੀਲੀ ਖੇਤਰੀ ਸਿਆਸਤ ‘ਤੇ ਡੂੰਘਾ ਅਸਰ ਪਾ ਸਕਦੀ ਹੈ।

By Rajeev Sharma

Leave a Reply

Your email address will not be published. Required fields are marked *