ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਨੂੰ ਅਮਰੀਕਾ ‘ਤੇ ਕਿਸੇ ਵੀ ਤਰ੍ਹਾਂ ਦਾ ਭਰੋਸਾ ਨਹੀਂ ਹੈ ਅਤੇ ਇਹੀ ਕਾਰਨ ਹੈ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਕਟ ਦੇ ਹੱਲ ਲਈ ਗੱਲਬਾਤਾਂ ਅੱਗੇ ਨਹੀਂ ਵਧ ਰਹੀਆਂ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਇਸ ਖੇਤਰ ਵਿੱਚ ਸਥਿਰਤਾ ਬਣਾਈ ਰੱਖਣ ਲਈ ਭਾਰਤ ਇਕ ਵੱਡੀ ਅਤੇ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।
ਅਰਾਘਚੀ ਇਹ ਬਿਆਨ ਨਵੀਂ ਦਿੱਲੀ ਵਿੱਚ ਹੋ ਰਹੀ BRICS ਵਿਦੇਸ਼ ਮੰਤਰੀਆਂ ਦੀ ਬੈਠਕ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦਿੱਤਾ। ਉਨ੍ਹਾਂ ਕਿਹਾ ਕਿ ਈਰਾਨ ਅਤੇ ਅਮਰੀਕਾ ਵਿਚਕਾਰ ਭਰੋਸੇ ਦੀ ਘਾਟ ਸਭ ਤੋਂ ਵੱਡੀ ਰੁਕਾਵਟ ਹੈ, ਜਿਸ ਕਰਕੇ ਕਿਸੇ ਵੀ ਤਰ੍ਹਾਂ ਦੀ ਸਥਾਈ ਡਿਪਲੋਮੈਟਿਕ ਡੀਲ ਸੰਭਵ ਨਹੀਂ ਹੋ ਰਹੀ।
ਉਨ੍ਹਾਂ ਨੇ ਸਾਫ਼ ਕਿਹਾ, “ਸਾਨੂੰ ਅਮਰੀਕਾ ‘ਤੇ ਕੋਈ ਭਰੋਸਾ ਨਹੀਂ ਹੈ। ਇਹ ਸੱਚਾਈ ਹੈ ਅਤੇ ਇਹੀ ਗੱਲ ਕਿਸੇ ਵੀ ਗੱਲਬਾਤ ਦੇ ਰਸਤੇ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਈਰਾਨ ਕੋਲ ਅਮਰੀਕਾ ‘ਤੇ ਭਰੋਸਾ ਨਾ ਕਰਨ ਦੇ ਪੂਰੇ ਕਾਰਨ ਹਨ, ਜਦਕਿ ਦੂਜੇ ਪਾਸੇ ਅਮਰੀਕਾ ਕੋਲ ਈਰਾਨ ‘ਤੇ ਭਰੋਸਾ ਕਰਨ ਦੇ ਕੋਈ ਠੋਸ ਕਾਰਨ ਨਹੀਂ ਹਨ।
ਈਰਾਨੀ ਵਿਦੇਸ਼ ਮੰਤਰੀ ਨੇ ਦਾਅਵਾ ਕੀਤਾ ਕਿ ਹਾਲੀਆ ਸੰਕਟ ਦੌਰਾਨ ਵੀ ਵੱਖ-ਵੱਖ ਮਧਸਥ ਦੇਸ਼ਾਂ ਵੱਲੋਂ ਗੱਲਬਾਤ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ, ਜਿਸ ਵਿੱਚ ਪਾਕਿਸਤਾਨ ਦੀ ਮਧਸਥਤਾ ਵੀ ਸ਼ਾਮਲ ਸੀ, ਪਰ ਇਹ ਪ੍ਰਕਿਰਿਆ ਹਜੇ ਵੀ ਕਾਫੀ ਮੁਸ਼ਕਲ ਹਾਲਾਤਾਂ ਵਿੱਚ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਗੱਲਬਾਤਾਂ ਪੂਰੀ ਤਰ੍ਹਾਂ ਫੇਲ ਨਹੀਂ ਹੋਈਆਂ, ਪਰ ਉਨ੍ਹਾਂ ਨੂੰ ਅੱਗੇ ਵਧਾਉਣਾ ਆਸਾਨ ਨਹੀਂ ਹੈ।
ਅਰਾਘਚੀ ਨੇ ਕਿਹਾ ਕਿ ਈਰਾਨ ਹਮੇਸ਼ਾ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਚਾਹੁੰਦਾ ਹੈ ਅਤੇ ਉਹ ਭਾਰਤ ਵਰਗੇ ਦੇਸ਼ਾਂ ਤੋਂ ਉਮੀਦ ਰੱਖਦਾ ਹੈ ਕਿ ਉਹ ਸੰਕਟ ਦੇ ਹੱਲ ਵਿੱਚ ਵੱਡੀ ਭੂਮਿਕਾ ਨਿਭਾਉਣ। ਉਨ੍ਹਾਂ ਦੇ ਅਨੁਸਾਰ ਭਾਰਤ ਦੀ ਰਾਜਨੀਤਿਕ ਸਥਿਤੀ ਅਤੇ ਦੋਵੇਂ ਪੱਖਾਂ ਨਾਲ ਸੰਬੰਧ ਇਸ ਮਾਮਲੇ ਵਿੱਚ ਉਸਨੂੰ ਇੱਕ ਮਹੱਤਵਪੂਰਨ ਮਧਸਥ ਬਣਾਉਂਦੇ ਹਨ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਦਾ ਕੋਈ ਵੀ ਫੌਜੀ ਹੱਲ ਨਹੀਂ ਹੈ ਅਤੇ ਸਿਰਫ਼ ਸੰਵਾਦ ਰਾਹੀਂ ਹੀ ਸਥਿਰਤਾ ਹਾਸਲ ਕੀਤੀ ਜਾ ਸਕਦੀ ਹੈ। ਈਰਾਨ ਦਾ ਮੰਨਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਸ਼ਾਂਤੀ ਲਈ ਸਾਰੇ ਪੱਖਾਂ ਨੂੰ ਇਕ ਦੂਜੇ ਦੀ ਸਰਵਭੌਮਤਾ ਅਤੇ ਸੁਰੱਖਿਆ ਦਾ ਆਦਰ ਕਰਨਾ ਹੋਵੇਗਾ।
ਇਸ ਦੌਰਾਨ ਅਰਾਘਚੀ ਨੇ ਇਹ ਵੀ ਸੰਕੇਤ ਦਿੱਤਾ ਕਿ ਮੌਜੂਦਾ ਹਾਲਾਤਾਂ ਵਿੱਚ ਖੇਤਰ ਵਿੱਚ ਤਣਾਅ ਘਟਾਉਣ ਲਈ ਲਗਾਤਾਰ ਡਿਪਲੋਮੈਟਿਕ ਸੰਪਰਕ ਜਾਰੀ ਰਹਿਣੇ ਚਾਹੀਦੇ ਹਨ।
ਉਨ੍ਹਾਂ ਦੇ ਬਿਆਨ ਉਸ ਸਮੇਂ ਆਏ ਹਨ ਜਦੋਂ ਮੱਧ ਪੂਰਬ ਵਿੱਚ ਜੰਗ ਅਤੇ ਤਣਾਅ ਕਾਰਨ ਅੰਤਰਰਾਸ਼ਟਰੀ ਚਿੰਤਾ ਵਧ ਰਹੀ ਹੈ ਅਤੇ ਵੱਡੀਆਂ ਤਾਕਤਾਂ ਵੱਖ-ਵੱਖ ਪੱਖਾਂ ਨਾਲ ਗੱਲਬਾਤ ਕਰ ਰਹੀਆਂ ਹਨ ਤਾਂ ਜੋ ਕਿਸੇ ਵੱਡੇ ਸੰਕਟ ਨੂੰ ਰੋਕਿਆ ਜਾ ਸਕੇ।
