ਕੰਗਨਾ ਰਣੌਤ ਨੇ ਵੀਡਿਉ ਕਾਨਫਰੰਸ ਰਾਹੀਂ ਬਠਿੰਡਾ ਅਦਾਲਤ ਦੀ ਪੇਸ਼ੀ ਭੁਗਤੀ

ਬਠਿੰਡਾ (ਗੁਰਪ੍ਰੀਤ ਸਿੰਘ) : ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਹੋਈ। ਕਿਸਾਨ ਅੰਦੋਲਨ ਨਾਲ ਜੁੜੇ ਮਾਨਹਾਨੀ ਮਾਮਲੇ ਵਿੱਚ ਦੋਵਾਂ ਪੱਖਾਂ ਦੇ ਵਕੀਲਾਂ ਵਿਚਾਲੇ ਵਿਸਥਾਰ ਨਾਲ ਬਹਿਸ ਹੋਈ। ਸੁਣਵਾਈ ਉਪਰੰਤ ਅਦਾਲਤ ਨੇ ਸ਼ਾਮ 4:30 ਵਜੇ ਤੱਕ ਲਈ ਆਪਣਾ ਫੈਸਲਾ ਰਾਖਵਾਂ ਰੱਖ ਲਿਆ।
ਬੁਜ਼ੁਰਗ ਮਹਿਲਾ ਮਹਿੰਦਰ ਕੌਰ ਦੀ ਤਰਫੋਂ ਪੇਸ਼ ਵਕੀਲ ਰਘੁਬੀਰ ਸਿੰਘ ਬਹਨੀਵਾਲ ਨੇ ਅਦਾਲਤ ਵਿੱਚ ਨਵੀਂ ਅਰਜ਼ੀ ਦਾਇਰ ਕਰਦਿਆਂ ਮੰਗ ਕੀਤੀ ਕਿ ਕੰਗਨਾ ਰਨੌਤ ਨੂੰ ਫਿਲਮਾਂ ਦੇ ਬਹਾਨੇ ਵਿਦੇਸ਼ ਜਾਣ ਤੋਂ ਰੋਕਿਆ ਜਾਵੇ ਅਤੇ ਉਨ੍ਹਾਂ ਦਾ ਪਾਸਪੋਰਟ ਜ਼ਬਤ ਕੀਤਾ ਜਾਵੇ। ਵਕੀਲ ਨੇ ਦਲੀਲ ਦਿੱਤੀ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਇਹ ਜ਼ਰੂਰੀ ਹੈ, ਤਾਂ ਜੋ ਮੁਲਜ਼ਮ ਅਦਾਲਤੀ ਕਾਰਵਾਈ ਤੋਂ ਨਾ ਬਚ ਸਕੇ।
ਕਿਸਾਨ ਅੰਦੋਲਨ ਦੌਰਾਨ ਕੀਤੇ ਟਵੀਟ ਨਾਲ ਜੁੜਿਆ ਮਾਮਲਾ
ਇਹ ਮਾਮਲਾ 2020-21 ਦੇ ਕਿਸਾਨ ਅੰਦੋਲਨ ਨਾਲ ਸੰਬੰਧਿਤ ਹੈ। ਦੋਸ਼ ਹੈ ਕਿ ਕੰਗਨਾ ਰਨੌਤ ਨੇ ਅੰਦੋਲਨ ਵਿੱਚ ਸ਼ਾਮਲ ਇਕ ਬੁਜ਼ੁਰਗ ਮਹਿਲਾ ਬਾਰੇ ਸੋਸ਼ਲ ਮੀਡੀਆ ’ਤੇ ਅਪਮਾਨਜਨਕ ਟਿੱਪਣੀ ਕੀਤੀ ਸੀ। ਕੰਗਨਾ ਨੇ ਇਕ ਪੋਸਟ ਵਿੱਚ ਲਿਖਿਆ ਸੀ ਕਿ ਕਿਸਾਨ ਅੰਦੋਲਨ ਵਿੱਚ ਮਹਿਲਾਵਾਂ 100 ਰੁਪਏ ਲੈ ਕੇ ਸ਼ਾਮਲ ਹੁੰਦੀਆਂ ਹਨ। ਉਸ ਪੋਸਟ ਵਿੱਚ ਇਕ ਬੁਜ਼ੁਰਗ ਮਹਿਲਾ ਦੀ ਤਸਵੀਰ ਵੀ ਸਾਂਝੀ ਕੀਤੀ ਗਈ ਸੀ।
ਕੰਗਨਾ ਨੇ ਟਿੱਪਣੀ ਕਰਦੇ ਹੋਏ ਲਿਖਿਆ ਸੀ—“ਹਾਹਾਹਾ, ਇਹ ਓਹੀ ਦਾਦੀ ਹੈ, ਜਿਸਨੂੰ ਟਾਈਮ ਮੈਗਜ਼ੀਨ ਵਿੱਚ ਭਾਰਤ ਦੀ ਪਾਵਰਫੁੱਲ ਮਹਿਲਾ ਵਜੋਂ ਫੀਚਰ ਕੀਤਾ ਗਿਆ ਸੀ। ਇਹ 100 ਰੁਪਏ ਵਿੱਚ ਉਪਲਬਧ ਹੈ। ਪਾਕਿਸਤਾਨੀ ਪੱਤਰਕਾਰਾਂ ਨੇ ਭਾਰਤ ਲਈ ਸ਼ਰਮਨਾਕ ਤਰੀਕੇ ਨਾਲ ਅੰਤਰਰਾਸ਼ਟਰੀ ਪੀਆਰ ਨੂੰ ਹਾਈਜੈਕ ਕਰ ਲਿਆ ਹੈ।”
2021 ਵਿੱਚ ਦਰਜ ਹੋਇਆ ਸੀ ਮਾਨਹਾਨੀ ਦਾ ਕੇਸ
ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦੁਰਗੜ੍ਹ ਦੀ ਰਹਿਣ ਵਾਲੀ 81 ਸਾਲਾ ਮਹਿੰਦਰ ਕੌਰ ਨੇ ਕੰਗਨਾ ਦੇ ਟਵੀਟ ਤੋਂ ਬਾਅਦ 4 ਜਨਵਰੀ 2021 ਨੂੰ ਬਠਿੰਡਾ ਅਦਾਲਤ ਵਿੱਚ ਮਾਨਹਾਨੀ ਦਾ ਕੇਸ ਦਰਜ ਕਰਵਾਇਆ ਸੀ। ਕਰੀਬ 13 ਮਹੀਨੇ ਤੱਕ ਚੱਲੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਕੰਗਨਾ ਰਨੌਤ ਨੂੰ ਸਮਨ ਜਾਰੀ ਕਰਕੇ ਪੇਸ਼ ਹੋਣ ਦੇ ਹੁਕਮ ਦਿੱਤੇ ਸਨ।
ਇਸ ਤੋਂ ਬਾਅਦ ਕੰਗਨਾ ਨੇ ਪਹਿਲਾਂ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਰਾਹਤ ਲਈ ਅਰਜ਼ੀ ਦਿੱਤੀ, ਜੋ ਖ਼ਾਰਜ ਹੋ ਗਈ। ਫਿਰ ਉਹ ਸੁਪਰੀਮ ਕੋਰਟ ਗਈ, ਪਰ ਉੱਥੋਂ ਵੀ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ।
ਬੁਜ਼ੁਰਗ ਮਹਿਲਾ ਦਾ ਕਰਾਰਾ ਜਵਾਬ
ਕੰਗਨਾ ਦੇ ਟਵੀਟ ਤੋਂ ਬਾਅਦ ਜਦੋਂ ਮਾਮਲਾ ਤੂਲ ਫੜਨ ਲੱਗਾ ਤਾਂ ਮਹਿੰਦਰ ਕੌਰ ਨੇ ਇਕ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਸੀ—“ਕੰਗਨਾ ਕੀ ਜਾਣੇ ਕਿ ਖੇਤੀ ਕੀ ਹੁੰਦੀ ਹੈ? ਉਸਨੂੰ ਕਿਸਾਨ ਦੀ ਕਮਾਈ ਦਾ ਕੀ ਪਤਾ। ਜਦੋਂ ਪਸੀਨਾ ਵਗਦਾ ਹੈ, ਖੂਨ ਗਰਮ ਹੁੰਦਾ ਹੈ, ਤਦੋਂ ਕਿਤੇ ਜਾ ਕੇ ਪੈਸਾ ਬਣਦਾ ਹੈ। ਕਿਸਾਨੀ ਨਾਲ ਪੈਸਾ ਕਮਾਉਣਾ ਬਹੁਤ ਔਖਾ ਹੈ।”
ਉਨ੍ਹਾਂ ਨੇ 100 ਰੁਪਏ ਵਾਲੀ ਟਿੱਪਣੀ ’ਤੇ ਵੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਦੇ ਖੇਤਾਂ ਵਿੱਚ ਕੰਮ ਕਦੇ ਮੁਕਦੇ ਨਹੀਂ, ਫਿਰ ਉਹ 100 ਰੁਪਏ ਲਈ ਕਿਸੇ ਧਰਨੇ ’ਚ ਕਿਉਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੰਗਨਾ ਨੇ ਉਨ੍ਹਾਂ ’ਤੇ ਝੂਠਾ ਦੋਸ਼ ਲਾਇਆ ਹੈ ਅਤੇ ਕਿਸੇ ਲਈ ਇਸ ਤਰ੍ਹਾਂ ਗਲਤ ਨਹੀਂ ਬੋਲਣਾ ਚਾਹੀਦਾ।
ਅਦਾਲਤੀ ਫੈਸਲੇ ’ਤੇ ਸਭ ਦੀ ਨਜ਼ਰ
ਅੱਜ ਦੀ ਸੁਣਵਾਈ ਦੌਰਾਨ ਪਾਸਪੋਰਟ ਜ਼ਬਤ ਕਰਨ ਦੀ ਅਰਜ਼ੀ ਸਮੇਤ ਹੋਰ ਮਸਲਿਆਂ ’ਤੇ ਬਹਿਸ ਤੋਂ ਬਾਅਦ ਅਦਾਲਤ ਨੇ ਫੈਸਲਾ ਰਾਖਵਾਂ ਰੱਖ ਲਿਆ ਹੈ। ਹੁਣ ਸ਼ਾਮ 4:30 ਵਜੇ ਆਉਣ ਵਾਲੇ ਅਦਾਲਤੀ ਹੁਕਮ ’ਤੇ ਸਭ ਦੀ ਨਜ਼ਰ ਟਿਕੀ ਹੋਈ।

By Gurpreet Singh

Leave a Reply

Your email address will not be published. Required fields are marked *