ਸਤੇਂਦਰ ਜੈਨ ਨੂੰ ਜ਼ਮਾਨਤ ਮਿਲਣ ’ਤੇ ਕੇਜਰੀਵਾਲ ਨੇ ਪੀਐੱਮ ਮੋਦੀ ਨੂੰ ਘੇਰਿਆ, ਪੁੱਛਿਆ- ‘ਜੇਲ੍ਹ ਭੇਜ ਕੇ ਕੀ ਮਿਲਿਆ?’

ਨਵੀਂ ਦਿੱਲੀ 3 ਸਤੰਬਰ (ਗੁਰਪ੍ਰੀਤ ਸਿੰਘ) : ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ, ਦਿੱਲੀ ਦੇ ਸਾਬਕਾ ਮੰਤਰੀ ਅਤੇ ‘ਆਪ’ ਪੰਜਾਬ ਦੇ ਸਹਿ-ਇੰਚਾਰਜ ਸਤੇਂਦਰ ਜੈਨ ਦੀ ਗ੍ਰਿਫ਼ਤਾਰੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਵਾਲ ਕੀਤਾ। ਅਰਵਿੰਦ ਕੇਜਰੀਵਾਲ ਨੇ ਪੁੱਛਿਆ ਕਿ ਸਤੇਂਦਰ ਜੈਨ ਨੂੰ ਜੇਲ੍ਹ ਭੇਜ ਕੇ ਪ੍ਰਧਾਨ ਮੰਤਰੀ ਨੂੰ ਕੀ ਹਾਸਲ ਹੋਇਆ, ਜਦਕਿ ਉਹਨਾਂ ਨੂੰ ਪੁਲਿਸ ਰਿਮਾਂਡ ‘ਤੇ ਵੀ ਨਹੀਂ ਲਿਆ ਗਿਆ ਸੀ। ਉਹਨਾਂ ਕਿਹਾ ਕਿ ਕੇਸ ਇੰਨਾ ਕਮਜ਼ੋਰ ਸੀ ਕਿ ਸਤੇਂਦਰ ਜੈਨ ਨੂੰ ਸਿਰਫ਼ ਦਸ ਦਿਨਾਂ ਦੇ ਅੰਦਰ ਜ਼ਮਾਨਤ ਮਿਲ ਗਈ। ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਚਲਾਉਣਾ ਵੀ ਨਹੀਂ ਆਉਂਦਾ।

‘ਆਪ’ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੇ ‘X’ ‘ਤੇ ਲਿਖਿਆ, “ਸਤੇਂਦਰ ਜੈਨ ਨੂੰ ਵੀਰਵਾਰ ਨੂੰ ਜ਼ਮਾਨਤ ਮਿਲ ਗਈ। ਉਹਨਾਂ ਨੂੰ ਗ੍ਰਿਫ਼ਤਾਰ ਕਿਉਂ ਕੀਤਾ ਗਿਆ ਸੀ? ਇਹ ਕਿਸੇ ਦੀ ਸਮਝ ਵਿੱਚ ਨਹੀਂ ਆ ਰਿਹਾ। ਆਮ ਤੌਰ ‘ਤੇ ਕਿਸੇ ਵਿਅਕਤੀ ਤੋਂ ਪੁੱਛਗਿੱਛ ਕਰਨ ਲਈ ਰਿਮਾਂਡ ‘ਤੇ ਲਿਆ ਜਾਂਦਾ ਹੈ, ਜਿਸ ਲਈ ਪੁਲਿਸ ਹਿਰਾਸਤ ਮੰਗੀ ਜਾਂਦੀ ਹੈ। ਪੁਲਿਸ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਵਿਅਕਤੀ ਜੁਡੀਸ਼ੀਅਲ ਕਸਟਡੀ ਵਿੱਚ ਜਾਂਦਾ ਹੈ।”

ਉਹਨਾਂ ਕਿਹਾ ਕਿ ਇਸ ਕੇਸ ਵਿੱਚ ਸਤੇਂਦਰ ਜੈਨ ਨੂੰ ਪੁਲਿਸ ਹਿਰਾਸਤ ਵਿੱਚ ਭੇਜਿਆ ਹੀ ਨਹੀਂ ਗਿਆ। “ਉਹਨਾਂ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ ਗਈ। ਉਹਨਾਂ ਨੂੰ ਸਿੱਧਾ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਉਹਨਾਂ ਖ਼ਿਲਾਫ਼ ਕੇਸ ਇੰਨਾ ਕਮਜ਼ੋਰ ਸੀ ਕਿ ਉਹਨਾਂ ਨੂੰ ਮਾਤਰ ਦਸ ਦਿਨਾਂ ਵਿੱਚ ਜ਼ਮਾਨਤ ਮਿਲ ਗਈ।”

‘ਆਪ’ ਸੁਪਰੀਮੋ ਨੇ ਪੀਐੱਮ ਮੋਦੀ ਤੋਂ ਪੁੱਛਿਆ, “ਤੁਹਾਨੂੰ ਇਸ ਤੋਂ ਕੀ ਮਿਲਿਆ? 24 ਘੰਟੇ ਤੁਸੀਂ ਬੱਸ ਲੋਕਾਂ ਨੂੰ ਜੇਲ੍ਹ ਭੇਜਣ ਬਾਰੇ ਹੀ ਸੋਚਦੇ ਰਹਿੰਦੇ ਹੋ। ਤੁਹਾਨੂੰ ਦੇਸ਼ ਚਲਾਉਣ ਵਿੱਚ ਕੋਈ ਦਿਲਚਸਪੀ ਨਹੀਂ ਹੈ ਅਤੇ ਨਾ ਹੀ ਤੁਹਾਨੂੰ ਦੇਸ਼ ਚਲਾਉਣਾ ਆਉਂਦਾ ਹੈ। ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਕਿਵੇਂ ਬਣ ਗਏ? ਤੁਹਾਨੂੰ ਤਾਂ ਕਿਸੇ ਪਿੰਡ ਦਾ ਐੱਸਐੱਚਓ ਹੋਣਾ ਚਾਹੀਦਾ ਸੀ। ਤੁਹਾਡੀਆਂ ਹਰਕਤਾਂ ਬਿਲਕੁਲ ਅਜਿਹੀਆਂ ਹੀ ਹਨ।”

ਦੂਜੇ ਪਾਸੇ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸੱਤਯਮੇਵ ਜਯਤੇ। ‘ਆਪ’ ਦੇ ਸੀਨੀਅਰ ਆਗੂ ਸਤੇਂਦਰ ਜੈਨ ਨੂੰ ਜ਼ਮਾਨਤ ਮਿਲਣਾ ਸੱਚ ਅਤੇ ਇਨਸਾਫ਼ ਦੀ ਵੱਡੀ ਜਿੱਤ ਹੈ। ਤਾਨਾਸ਼ਾਹ ਤਾਕਤਾਂ ਜਿੰਨੀ ਵੀ ਕੋਸ਼ਿਸ਼ ਕਰ ਲੈਣ, ਸੱਚ ਨੂੰ ਕਦੇ ਦਬਾਇਆ ਜਾਂ ਹਰਾਇਆ ਨਹੀਂ ਜਾ ਸਕਦਾ। ਝੂਠੇ ਕੇਸਾਂ ਅਤੇ ਸਾਜ਼ਿਸ਼ਾਂ ਦਾ ਅੰਤ ਹਮੇਸ਼ਾ ਸੱਚ ਦੀ ਜਿੱਤ ਨਾਲ ਹੁੰਦਾ ਹੈ। ਸਾਨੂੰ ਮਾਨਯੋਗ ਅਦਾਲਤ ‘ਤੇ ਅਟੁੱਟ ਵਿਸ਼ਵਾਸ ਹੈ। ਇਨਕਲਾਬ ਜ਼ਿੰਦਾਬਾਦ।”

ਇਸ ਦੇ ਨਾਲ ਹੀ ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ, “ਸੱਤਯਮੇਵ ਜਯਤੇ। ਸ਼ਾਇਦ ਵਿਸ਼ਵ ਦੇ ਇਤਿਹਾਸ ਵਿੱਚ ਕਦੇ ਇੰਨਾ ਝੂਠ ਨਹੀਂ ਬੋਲਿਆ ਗਿਆ ਹੋਵੇਗਾ, ਜਿੰਨੇ ਝੂਠ ਭਾਜਪਾ ਨੇ ਆਪਣੀ ਹੱਛੀ ਰਾਜਨੀਤੀ ਨੂੰ ਬਚਾਉਣ ਲਈ ਏਸੀਬੀ ਅਤੇ ਸੀਬੀਆਈ ਵਰਗੀਆਂ ਏਜੰਸੀਆਂ ਤੋਂ ਬੁਲਵਾਏ ਹਨ। ਪਰ ਸੱਚ ਦੀ ਹੀ ਜਿੱਤ ਹੁੰਦੀ ਹੈ। ਸਤਿਏਂਦਰ ਜੈਨ ਜ਼ਿੰਦਾਬਾਦ।”

By Gurpreet Singh

Leave a Reply

Your email address will not be published. Required fields are marked *