ਨੈਸ਼ਨਲ ਟਾਈਮਜ਼ ਬਿਊਰੋ :- ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਚਲਾਏ ਜਾ ਰਹੇ ਦਿੱਲੀ ਮਾਡਲ ‘ਤੇ ਸਿਆਸੀ ਘਮਾਸਾਨ ਇੱਕ ਵਾਰੀ ਫੇਰ ਤੇਜ਼ ਹੋ ਗਿਆ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਸਖ਼ਤ ਸ਼ਬਦਾਂ ਵਿੱਚ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬੀਆਂ ਨੂੰ ਬਦਲਾਵ ਦੇ ਨਾਂ ‘ਤੇ ਠੱਗਿਆ ਜਾ ਰਿਹਾ ਹੈ।
ਮਜੀਠੀਆ ਨੇ ਦੋਸ਼ ਲਗਾਇਆ ਕਿ ਕੇਜਰੀਵਾਲ ਪੰਜਾਬ ਨੂੰ ਦਿੱਲੀ ਦੇ “ਰਿਜੈਕਟ ਹੋਏ” ਲੋਕਾਂ ਦਾ ਡੰਪਿੰਗ ਗਰਾਊਂਡ ਬਣਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਰਗੀ ਤਕਨੀਕੀ ਅਹੁਦੇ ਲਈ NGT ਦੀਆਂ ਹਦਾਇਤਾਂ ਦੀ ਉਲੰਘਣਾ ਕਰਦਿਆਂ ਰੀਨਾ ਗੁਪਤਾ ਨੂੰ ਚੇਅਰਪਰਸਨ ਲਾਇਆ ਗਿਆ ਹੈ, ਜੋ ਕੇਜਰੀਵਾਲ ਦੀ ਨਜ਼ਦੀਕੀ ਮੰਨੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਸੰਦੀਪ ਪਾਠਕ ਦੇ ਨਿੱਜੀ ਸਹਾਇਕ ਨੂੰ ਲਾਰਜ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਬਣਾਇਆ ਗਿਆ, ਧੀਆਂ-ਭੈਣਾਂ ਬਾਰੇ ਅਸੰਵੇਦਨਸ਼ੀਲ ਟਿੱਪਣੀ ਕਰਨ ਵਾਲੇ ਵਿਭਵ ਕੁਮਾਰ ਨੂੰ ਮੁੱਖ ਮੰਤਰੀ ਦਾ ਐਡਵਾਈਜ਼ਰ ਲਾਇਆ ਗਿਆ। ਇਨ੍ਹਾਂ ਤੋਂ ਇਲਾਵਾ, 50 ਤੋਂ ਵੱਧ ਕਾਨੂੰਨੀ ਮਾਹਿਰਾਂ ਨੂੰ ਪੰਜਾਬ ਦੇ ਐਟਾਰਨੀ ਜਨਰਲ ਦਫ਼ਤਰ ‘ਚ ਨਿਯੁਕਤ ਕੀਤਾ ਗਿਆ।
ਮਜੀਠੀਆ ਨੇ ਕਿਹਾ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ, RERA, ਰਾਜ ਸਭਾ ਤੇ ਸੀਐਮ ਯੋਗ ਸ਼ਾਲਾ ਵਰਗੀਆਂ ਜ਼ਿੰਮੇਵਾਰੀਆਂ ਵੀ ਗੈਰ ਪੰਜਾਬੀਆਂ ਦੇ ਹਵਾਲੇ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦਲੀਲ ਦਿੱਤੀ ਕਿ ਇਹ ਸਾਰੇ ਫ਼ੈਸਲੇ ਦਰਸਾਉਂਦੇ ਹਨ ਕਿ ਅਸਲ ਸਰਕਾਰ ਚਲਾ ਰਿਹਾ ਹੈ ਕੇਜਰੀਵਾਲ, ਜਦਕਿ ਭਗਵੰਤ ਮਾਨ ਸਿਰਫ਼ ਨਾਮ ਦਾ ਮੁੱਖ ਮੰਤਰੀ ਬਣਿਆ ਹੋਇਆ ਹੈ।
ਆਖ਼ਰ ‘ਚ ਉਨ੍ਹਾਂ ਪੰਜਾਬੀ ਜਨਤਾ ਨੂੰ ਜਾਗਰੂਕ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ “ਅਸੀਂ ਚੁੱਪ ਰਹੇ ਤਾਂ ਅਗਲੀ ਪੀੜ੍ਹੀ ਕਦੇ ਸਾਨੂੰ ਮੁਆਫ਼ ਨਹੀਂ ਕਰੇਗੀ। ਹੁਣ ਵੀ ਸਮਾਂ ਹੈ ਜਦੋਂ ਪੰਜਾਬੀ ਆਪਣੇ ਹੱਕਾਂ ਲਈ ਖੜ੍ਹੇ ਹੋਣ।”
