ਭਾਜਪਾ ਦੀਆਂ ਅਫਵਾਹਾਂ ‘ਤੇ ਮਦਨ ਲਾਲ ਬੱਗਾ ਦਾ ਪਲਟਵਾਰ, ਕਿਹਾ- ਮੈਂ ਕੇਜਰੀਵਾਲ ਤੇ ਮਾਨ ਦਾ ਸੱਚਾ ਸਿਪਾਹੀ ਹਾਂ

ਲੁਧਿਆਣਾ/ਚੰਡੀਗੜ੍ਹ 13 ਨਵੰਬਰ (ਗੁਰਪ੍ਰੀਤ ਸਿੰਘ) : ਲੁਧਿਆਣਾ ਉੱਤਰੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਮਦਨ ਲਾਲ ਬੱਗਾ ਨੇ ਉਨ੍ਹਾਂ ਦੇ ਪਾਰਟੀ ਛੱਡਣ ਬਾਰੇ ਭਾਜਪਾ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਉਹ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ “ਸੱਚੇ ਸਿਪਾਹੀ” ਹਨ ਅਤੇ ਰਹਿਣਗੇ। ‘ਆਪ’ ਵਿਧਾਇਕ ਨੇ ਭਾਜਪਾ ਨੂੰ ਚੇਤਾਵਨੀ ਦਿੱਤੀ ਕਿ ਪੰਜਾਬ ਬੰਗਾਲ ਨਹੀਂ ਹੈ ਅਤੇ ਇੱਥੋਂ ਦੇ ਲੋਕਾਂ ਨੂੰ ਦਬਾਅ ਵਾਲੇ ਹੱਥਕੰਡਿਆਂ ਨਾਲ ਡਰਾਇਆ ਨਹੀਂ ਜਾ ਸਕਦਾ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ‘ਆਪ’ ਮੁੜ ਸਰਕਾਰ ਬਣਾਏਗੀ ਅਤੇ ਪੂਰੀ ਤਾਕਤ ਨਾਲ ਵਿਧਾਨ ਸਭਾ ਚੋਣਾਂ ਲੜਨ ਦਾ ਪ੍ਰਣ ਲਿਆ।

ਇੱਕ ਬਿਆਨ ਵਿੱਚ ‘ਆਪ’ ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ, “ਮੈਂ ਪਿਛਲੇ ਪੰਜ ਸਾਲਾਂ ਤੋਂ ਆਮ ਆਦਮੀ ਪਾਰਟੀ (ਆਪ) ਦਾ ਵਿਧਾਇਕ ਹਾਂ ਅਤੇ ਪਾਰਟੀ ਲੀਡਰਸ਼ਿਪ, ਖਾਸ ਕਰਕੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੇ ਵਿੱਚ ਭਰੋਸਾ ਪ੍ਰਗਟਾਇਆ ਅਤੇ ਮੈਨੂੰ ਦੁਬਾਰਾ ਚੋਣ ਲੜਨ ਦਾ ਮੌਕਾ ਦਿੱਤਾ।”

‘ਆਪ’ ਛੱਡਣ ਦੀਆਂ ਸਾਰੀਆਂ ਅਟਕਲਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਉਨ੍ਹਾਂ ਜ਼ੋਰ ਦੇ ਕੇ ਕਿਹਾ, “ਮੈਂ ਅਰਵਿੰਦ ਕੇਜਰੀਵਾਲ ਦਾ ਸੱਚਾ ਸਿਪਾਹੀ ਹਾਂ ਅਤੇ ਪੂਰੀ ਤਾਕਤ ਨਾਲ ਵਿਧਾਨ ਸਭਾ ਚੋਣਾਂ ਲੜਾਂਗਾ। ਭਾਜਪਾ ਬੌਖਲਾਈ ਹੋਈ ਹੈ ਅਤੇ ਨੀਵੇਂ ਪੱਧਰ ਦੇ ਹੱਥਕੰਡਿਆਂ ‘ਤੇ ਉੱਤਰ ਆਈ ਹੈ, ਪਰ ਅਸੀਂ ਅਜਿਹੀ ਹਰ ਕੋਸ਼ਿਸ਼ ਦਾ ਡਟ ਕੇ ਮੁਕਾਬਲਾ ਕਰਾਂਗੇ।”

ਭਾਜਪਾ ‘ਤੇ ਤੰਜ ਕੱਸਦਿਆਂ ‘ਆਪ’ ਵਿਧਾਇਕ ਨੇ ਕਿਹਾ, “ਪੰਜਾਬ ਬੰਗਾਲ ਨਹੀਂ ਹੈ। ਭਾਜਪਾ ਨੂੰ ਅਜਿਹੇ ਹੱਥਕੰਡੇ ਅਪਣਾਉਣੇ ਬੰਦ ਕਰਨੇ ਚਾਹੀਦੇ ਹਨ ਅਤੇ ਇਹ ਸਮਝਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਡਰਨ ਵਾਲੇ ਨਹੀਂ ਹਨ। ਪਾਰਟੀ ਪਹਿਲਾਂ ਹੀ 4 ਸਾਲਾਂ ਤੱਕ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਚੁੱਕੀ ਹੈ, ਪਰ ਉਹ ਦਬਾਅ ਅਤੇ ਡਰਾਵੇ ਰਾਹੀਂ ਪੰਜਾਬ ‘ਤੇ ਆਪਣੀ ਰਾਜਨੀਤੀ ਨਹੀਂ ਥੋਪ ਸਕਦੀ।”

ਮਦਨ ਲਾਲ ਬੱਗਾ ਨੇ ਅੱਗੇ ਕਿਹਾ, “ਆਮ ਆਦਮੀ ਪਾਰਟੀ ਪੰਜਾਬ ਵਿੱਚ ਮੁੜ ਸਰਕਾਰ ਬਣਾਏਗੀ। ਨਾ ਤਾਂ ਮੈਂ ਅਤੇ ਨਾ ਹੀ ਪਾਰਟੀ ਭਾਜਪਾ ਦੇ ਹੱਥਕੰਡਿਆਂ ਤੋਂ ਘਬਰਾਉਣ ਵਾਲੀ ਹੈ, ਅਤੇ ਮੈਂ ਪੂਰੇ ਦ੍ਰਿੜ੍ਹ ਇਰਾਦੇ ਨਾਲ ਅਗਲੀਆਂ ਵਿਧਾਨ ਸਭਾ ਚੋਣਾਂ ਲੜਾਂਗਾ।”

By Gurpreet Singh

Leave a Reply

Your email address will not be published. Required fields are marked *