ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ’ਚ ਗਰਮੀ ਨੇ ਤਬਾਹੀ ਮਚਾਈ ਹੋਈ ਹੈ। ਤਾਪਮਾਨ ਲਗਾਤਾਰ ਨਵੇਂ ਰਿਕਾਰਡ ਸੈੱਟ ਕਰ ਰਿਹਾ ਹੈ ਅਤੇ ਲੋਕਾਂ ਦੀ ਵੱਡੀ ਮੁਸ਼ਕਿਲ ਪੈਦਾ ਕਰ ਰਿਹਾ ਹੈ। ਭਿਆਨਕ ਧੁੱਪ ਤੇ ਲੂਹ ਨੇ ਸੂਬੇ ਦੇ ਵੱਡੇ ਹਿੱਸੇ ਨੂੰ ਆਪਣੇ ਚਪੇਟ ਵਿਚ ਲੈ ਲਿਆ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀਆਂ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਪੰਜਾਬ ਲਈ ਜਾਰੀ ਕੀਤੀ ਗਈ ਤਾਜ਼ਾ ਮੌਸਮ ਚਿਤਾਵਨੀ ਅਨੁਸਾਰ ਅਗਲੇ ਕਈ ਦਿਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤੀਬਰ ਗਰਮੀ, ਹੀਟਵੇਵ ਨਾਲ ਆਪਣਾ ਜ਼ੋਰ ਦਿਖਾਵੇਗੀ।
ਵਿਭਾਗ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਲਈ 12 ਤੋਂ 16 ਜੂਨ 2025 ਤੱਕ ਦੀ ਮੌਸਮ ਦੀ ਚਿਤਾਵਨੀ ਜਾਰੀ ਕਰ ਦਿੱਤੀ ਹੈ। 12 ਅਤੇ 13 ਜੂਨ ਨੂੰ ਅੰਮ੍ਰਿਤਸਰ, ਫਿਰੋਜ਼ਪੁਰ, ਫ਼ਾਜ਼ਿਲਕਾ, ਬਠਿੰਡਾ, ਮਾਨਸਾ, ਲੁਧਿਆਣਾ, ਮੋਗਾ ਤੇ ਹੋਰ ਕਈ ਜ਼ਿਲ੍ਹਿਆਂ ਵਿੱਚ ਤੀਬਰ ਗਰਮੀ ਅਤੇ ਰੈੱਡ ਅਲਰਟ ਦੀ ਚਿਤਾਵਨੀ ਦਿੱਤੀ ਗਈ ਹੈ।
14 ਜੂਨ ਨੂੰ ਗਰਮੀ ਵਿੱਚ ਥੌੜੀ ਕਮੀ ਆਉਣ ਦੀ ਉਮੀਦ ਹੈ ਪਰ ਫ਼ਾਜ਼ਿਲਕਾ, ਮਾਨਸਾ, ਮੋਗਾ ਅਤੇ ਹੋਰ ਕਈ ਇਲਾਕਿਆਂ ਲਈ ਹੀਟ ਵੇਵ ਦੀ ਚਿਤਾਵਨੀ ਜਾਰੀ ਰਹੇਗੀ। 15 ਅਤੇ 16 ਜੂਨ ਨੂੰ ਜ਼ਿਆਦਾਤਰ ਇਲਾਕਿਆਂ ਲਈ ਕੋਈ ਚਿਤਾਵਨੀ ਨਹੀਂ, ਪਰ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਗਰਮੀ ਅਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਲੋੜੀਂਦੇ ਕੰਮਾਂ ਲਈ ਹੀ ਘਰੋਂ ਬਾਹਰ ਨਿਕਲਣ, ਪਾਣੀ ਵੱਧ ਤੋਂ ਵੱਧ ਪੀਣ ਅਤੇ ਬੱਚਿਆਂ, ਬਜ਼ੁਰਗਾਂ ਦੀ ਸੰਭਾਲ ਕਰਨ।
