ਕੈਲਗਰੀ ਏਅਰਪੋਰਟ ‘ਚ ਨਵੀਂ ਸੁਰੱਖਿਆ ਪ੍ਰਣਾਲੀ, ਯਾਤਰੀਆਂ ਲਈ ਹੋਵੇਗੀ ਤੇਜ਼ ਤੇ ਆਸਾਨ ਸਕਰੀਨਿੰਗ ਪ੍ਰਕਿਰਿਆ

ਕੈਲਗਰੀ (ਨੇਸ਼ਨਲ ਟਾਈਮਜ਼): ਕੈਲਗਰੀ ਇੰਟਰਨੈਸ਼ਨਲ ਏਅਰਪੋਰਟ (YYC) ਦੇ ਡੋਮੇਸਟਿਕ ਟਰਮੀਨਲ ਵਿੱਚ ਹੁਣ ਸੁਰੱਖਿਆ ਜਾਂਚ ਦੀ ਪ੍ਰਕਿਰਿਆ ਹੋਰ ਤੇਜ਼ ਤੇ ਆਸਾਨ ਬਣਾਈ ਜਾ ਰਹੀ ਹੈ। ਏਅਰਪੋਰਟ ਪ੍ਰਸ਼ਾਸਨ ਵੱਲੋਂ ਤਿੰਨ ਵੱਖ-ਵੱਖ ਸਕਰੀਨਿੰਗ ਪੁਆਇੰਟਸ ਨੂੰ ਇਕੱਠਾ ਕਰਕੇ ਇੱਕ ਕੇਂਦਰੀ ਸਕਰੀਨਿੰਗ ਇਲਾਕਾ ਬਣਾਇਆ ਜਾ ਰਿਹਾ ਹੈ। ਇਸ ਨਵੇਂ ਇਨਫਰਾਸਟਰਕਚਰ ਦੀ ਖਾਸੀਅਤ ਇਹ ਹੈ ਕਿ ਹੁਣ ਯਾਤਰੀਆਂ ਨੂੰ ਆਪਣੇ ਲੈਪਟਾਪ, ਦਵਾਈਆਂ ਜਾਂ ਆਮ ਤਰਲ ਪਦਾਰਥ (liquids, aerosols, gels) ਬੈਗ ਤੋਂ ਕੱਢਣ ਦੀ ਲੋੜ ਨਹੀਂ ਹੋਵੇਗੀ।

ਕੈਲਗਰੀ ਏਅਰਪੋਰਟ ਅਥਾਰਟੀ ਦੇ ਚੀਫ਼ ਓਪਰੇਟਿੰਗ ਆਫ਼ਿਸਰ, ਕ੍ਰਿਸ ਮਾਈਲਜ਼ ਨੇ ਕਿਹਾ, “ਇਹ ਏਅਰਪੋਰਟ ਲਈ ਇੱਕ ਵੱਡਾ ਬਦਲਾਵ ਹੈ। ਇਸ ਨਵੀਂ ਪ੍ਰਣਾਲੀ ਨਾਲ ਯਾਤਰੀਆਂ ਨੂੰ ਸਕਰੀਨਿੰਗ ਵਿੱਚ ਘੱਟ ਸਮਾਂ ਲੱਗੇਗਾ ਅਤੇ ਭਵਿੱਖ ਵਿੱਚ ਯਾਤਰੀਆਂ ਦੀ ਗਿਣਤੀ ਵਧਣ ਦੇ ਨਾਲ ਵੀ ਏਅਰਪੋਰਟ ਆਸਾਨੀ ਨਾਲ ਕੰਮ ਕਰ ਸਕੇਗਾ।”

2025 ਦੇ ਅੰਤ ਤੱਕ ਇਹ ਨਵਾਂ ਕੇਂਦਰੀ ਸਕਰੀਨਿੰਗ ਇਲਾਕਾ 7 ਸਕਰੀਨਿੰਗ ਲੇਨਾਂ ਦੇ ਨਾਲ ਜਨਤਾ ਲਈ ਖੋਲ੍ਹਿਆ ਜਾਵੇਗਾ, ਜਦਕਿ 2027 ਤੱਕ 2 ਹੋਰ ਲੇਨ ਵੀ ਸ਼ਾਮਲ ਕੀਤੀਆਂ ਜਾਣਗੀਆਂ। ਇਸ ਨਾਲ ਯਾਤਰੀਆਂ ਦੀ ਜਾਂਚ ਦੀ ਸਮਰੱਥਾ ਲਗਭਗ ਦੋਹਰੀ ਹੋ ਜਾਵੇਗੀ। 2024 ਵਿੱਚ 18.9 ਮਿਲੀਅਨ ਯਾਤਰੀ ਕੈਲਗਰੀ ਏਅਰਪੋਰਟ ਤੋਂ ਗੁਜ਼ਰੇ ਸਨ, ਅਤੇ ਭਵਿੱਖ ਵਿੱਚ ਇਹ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ।

CATSA+ ਨਵੀਂ ਤਕਨੀਕ ਨਾਲ ਹੋਵੇਗੀ ਤੇਜ਼ ਜਾਂਚ

ਹਰ ਕੇਂਦਰੀ ਸਕਰੀਨਿੰਗ ਲੇਨ ‘ਚ CATSA+ CT X-Ray ਤਕਨੀਕ ਵਰਤੀ ਜਾਵੇਗੀ, ਜੋ ਕਿ 3D ਇਮੇਜਿੰਗ ਰਾਹੀਂ ਯਾਤਰੀਆਂ ਦੇ ਬੈਗ ਵਿੱਚੋਂ ਨਜਾਇਜ਼ ਚੀਜ਼ਾਂ ਪਛਾਣ ਸਕਦੀ ਹੈ। ਇਹ ਤਕਨੀਕ ਪਹਿਲਾਂ 2024 ਤੋਂ ਕੈਲਗਰੀ ਦੇ ਇੰਟਰਨੈਸ਼ਨਲ ਟਰਮੀਨਲ ਵਿੱਚ ਵਰਤੀ ਜਾ ਰਹੀ ਹੈ।

ਕ੍ਰਿਸ ਮਾਈਲਜ਼ ਨੇ ਕਿਹਾ, “ਇਹ ਤਕਨੀਕ ਯਾਤਰੀਆਂ ਲਈ ਸਹੂਲਤ ਵਧਾਏਗੀ। ਹੁਣ ਉਨ੍ਹਾਂ ਨੂੰ ਆਪਣੇ ਸਮਾਨ ਨੂੰ ਵੱਖ-ਵੱਖ ਬਿੰਨ (bins) ਵਿੱਚ ਰੱਖਣ ਦੀ ਲੋੜ ਨਹੀਂ ਰਹੇਗੀ।

ਕੈਲਗਰੀ ਕੈਨੇਡਾ ਦੇ ਪਹਿਲੇ ਹਵਾਈ ਅੱਡਿਆਂ ‘ਚੋਂ ਇੱਕ ਹੈ, ਜਿੱਥੇ ਇਹ ਤਕਨੀਕ ਲਾਗੂ ਕੀਤੀ ਜਾ ਰਹੀ ਹੈ।”

ਨਵੇਂ ਸਕਰੀਨਿੰਗ ਇਨਫਰਾਸਟਰਕਚਰ ‘ਚ ਵਿਸ਼ੇਸ਼ ਲੇਨ ਵੀ ਸ਼ਾਮਲ ਹੋਣਗੀਆਂ, ਜਿਨ੍ਹਾਂ ਦਾ ਉਦੇਸ਼ ਵਿਸ਼ੇਸ਼ ਲੋੜਾਂ ਵਾਲੇ ਯਾਤਰੀਆਂ (Special Needs Passengers) ਲਈ ਯਾਤਰਾ ਆਸਾਨ ਬਣਾਉਣਾ ਹੈ।

2025 ਦੌਰਾਨ ਇਹ ਨਿਰਮਾਣ ਕੰਮ ਜਾਰੀ ਰਹੇਗਾ, ਪਰ ਏਅਰਪੋਰਟ ਨੇ ਯਕੀਨੀ ਬਣਾਇਆ ਹੈ ਕਿ ਇਸ ਕਾਰਨ ਯਾਤਰੀਆਂ ਨੂੰ ਕਿਸੇ ਵੀ ਤਰੀਕੇ ਦੀ ਦੇਰੀ ਨਹੀਂ ਹੋਣ ਦੇਣੀ।

By Rajeev Sharma

Leave a Reply

Your email address will not be published. Required fields are marked *