ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਮੌਸਮ ਵਿਚ ਲਗਾਤਾਰ ਤਬਦੀਲੀਆਂ ਆ ਰਹੀਆਂ ਹਨ। ਲੋਕਾਂ ਨੂੰ ਇਕ ਵਾਰ ਫ਼ਿਰ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਨਸੂਨ ਦੀ ਰਫ਼ਤਾਰ ਢਿੱਲੀ ਪੈ ਚੁੱਕੀ ਹੈ, ਜਿਸ ਕਾਰਨ ਸੂਬੇ ਵਿਚ ਬਰਸਾਤ ਦੇ ਅਸਾਰ ਕਾਫ਼ੀ ਘੱਟ ਹਨ। ਮੌਸਮ ਵਿਭਾਗ ਮੁਤਾਬਕ ਇਸ ਹਫ਼ਤੇ ਬਾਰਿਸ਼ ਦੇ ਆਸਾਰ ਬਹੁਤ ਘੱਟ ਹਨ। ਟਾਂਵੀਆਂ-ਟਾਂਵੀਆਂ ਥਾਵਾਂ ਤੋਂ ਇਲਾਵਾ ਹੋਰ ਕਿਤੇ ਵੀ ਬਾਰਿਸ਼ ਦੀ ਆਸ ਬਹੁਤ ਘੱਟ ਹੈ। ਇਸ ਕਾਰਨ ਲੋਕਾਂ ਨੂੰ ਫ਼ਿਲਹਾਲ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲਣ ਦੀ ਆਸ ਨਹੀਂ ਹੈ।
ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ 1 ਅਗਸਤ ਤਕ ਸੂਬੇ ਵਿਚ ਮੀਂਹ-ਹਨੇਰੀ ਦਾ ਕੋਈ ਅਲਰਟ ਨਹੀਂ ਹੈ। ਇਨ੍ਹਾਂ ਦਿਨਾਂ ਦੌਰਾਨ ਸੂਬੇ ਵਿਚ ਟਾਂਵੀਆਂ-ਟਾਂਵੀਆਂ ਥਾਵਾਂ ‘ਤੇ ਹੀ ਹਲਕੀ ਬਰਸਾਤ ਤਾਂ ਹੋ ਸਕਦੀ ਹੈ, ਪਰ ਜ਼ਿਆਦਾਤਰ ਇਲਾਕਿਆਂ ਵਿਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਵਿਭਗਾ ਮੁਤਾਬਕ ਅੱਜ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਤੇ ਮੋਹਾਲੀ ਤੋਂ ਇਲਾਵਾ ਕਿਤੇ ਵੀ ਬਾਰਿਸ਼ ਦੀ ਆਸ ਨਹੀਂ ਹੈ। ਹਾਲਾਂਕਿ ਕੱਲ੍ਹ ਸੂਬੇ ਦੇ ਅੱਧੇ ਤੋਂ ਵੱਧ ਜ਼ਿਲ੍ਹਿਆਂ ਵਿਚ ਟਾਂਵੀਆਂ-ਟਾਂਵੀਆਂ ਥਾਵਾਂ ‘ਤੇ ਹਲਕੀ ਬਾਰਿਸ਼ ਹੋ ਸਕਦੀ ਹੈ, ਪਰ ਇਹ ਬਾਰਿਸ਼ ਜ਼ਿਆਦਾ ਤੇਜ਼ ਹੋਣ ਦੀ ਸੰਭਾਵਨਾ ਨਹੀਂ ਹੈ। ਵਿਭਾਗ ਵੱਲੋਂ ਕਿਸੇ ਕਿਸਮ ਦਾ ਅਲਰਟ ਵੀ ਜਾਰੀ ਨਹੀਂ ਕੀਤਾ ਗਿਆ।