ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਸੂਬੇ ਵਿੱਚ ਬਾਰਿਸ਼ ਦੇ ਮੌਸਮ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਪ੍ਰਬੰਧ ਨੂੰ ਮਜ਼ਬੂਤ ਕਰਨ ਲਈ ਅਹਿਮ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਨੇ ਸਪਸ਼ਟ ਕਿਹਾ ਹੈ ਕਿ ਸਾਰੇ ਡ੍ਰੇਨਾਂ, ਨਹਿਰਾਂ ਅਤੇ ਨਾਲਿਆਂ ਦੀ ਸਫਾਈ ਦਾ ਕੰਮ ਸਮੇਂ ਸਿਰ ਪੂਰਾ ਕੀਤਾ ਜਾਵੇ ਤਾਂ ਜੋ ਮੌਨਸੂਨ ਦੌਰਾਨ ਜਲਭਰਾਅ ਦੀ ਸਮੱਸਿਆ ਤੋਂ ਬਚਿਆ ਜਾ ਸਕੇ। ਚੰਡੀਗੜ੍ਹ ਵਿੱਚ ਹੋਈ ਇੱਕ ਸਮੀਖਿਆ ਮੀਟਿੰਗ ਦੌਰਾਨ ਉਨ੍ਹਾਂ ਨੇ ਸਿੰਚਾਈ, ਜਨ ਸਿਹਤ ਅਤੇ ਸਥਾਨਕ ਨਿਕਾਇ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਸ ਮਾਮਲੇ ‘ਤੇ ਵਿਸਥਾਰ ਨਾਲ ਚਰਚਾ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਵਧਦੀ ਆਬਾਦੀ ਕਾਰਨ ਪਾਣੀ ਦੀ ਨਿਕਾਸੀ ਵਿੱਚ ਰੁਕਾਵਟ ਆ ਰਹੀ ਹੈ, ਜਿਸ ਨਾਲ ਬਾਰਿਸ਼ ਦੌਰਾਨ ਪਾਣੀ ਖੜ੍ਹਾ ਹੋ ਜਾਂਦਾ ਹੈ। ਇਸ ਸਮੱਸਿਆ ਨੂੰ ਹੱਲ ਕਰਨ ਲਈ ਉਨ੍ਹਾਂ ਨੇ ਨਵੀਆਂ ਜਲ ਨਿਕਾਸੀ ਯੋਜਨਾਵਾਂ ਤਿਆਰ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਖੇਤਰ ਵਿੱਚ ਜਲਭਰਾਅ ਨਾ ਹੋਵੇ, ਇਸ ਲਈ ਪਹਿਲਾਂ ਤੋਂ ਹੀ ਯੋਜਨਾਬੱਧ ਢੰਗ ਨਾਲ ਕੰਮ ਕੀਤਾ ਜਾਵੇ।
ਉਨ੍ਹਾਂ ਨੇ ਫਤੇਹਾਬਾਦ ਜ਼ਿਲ੍ਹੇ ਵਿੱਚ ਰਾਜਸਥਾਨ ਸਰਹੱਦ ਤੱਕ ਬਰਸਾਤੀ ਪਾਣੀ ਦੀ ਨਿਕਾਸੀ ਲਈ ਨਵੀਂ ਡ੍ਰੇਨ ਬਣਾਉਣ ਦਾ ਪ੍ਰਸਤਾਵ ਤਿਆਰ ਕਰਨ ਲਈ ਵੀ ਕਿਹਾ ਹੈ, ਤਾਂ ਜੋ ਇਸ ਪਾਣੀ ਦਾ ਉਪਯੋਗ ਕਿਸਾਨਾਂ ਵੱਲੋਂ ਸਿੰਚਾਈ ਲਈ ਕੀਤਾ ਜਾ ਸਕੇ। ਇਸ ਨਾਲ ਨਾ ਸਿਰਫ ਪਾਣੀ ਦੀ ਸਮੱਸਿਆ ਦਾ ਹੱਲ ਹੋਵੇਗਾ, ਸਗੋਂ ਕਿਸਾਨਾਂ ਨੂੰ ਵੀ ਲਾਭ ਮਿਲੇਗਾ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਡ੍ਰੇਨਾਂ ਅਤੇ ਨਹਿਰਾਂ ਦੀ ਸਫਾਈ ਦੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜਿੱਥੇ ਵੀ ਤਟਬੰਧ ਕਮਜ਼ੋਰ ਹਨ ਜਾਂ ਟੁੱਟਣ ਦੇ ਖਤਰੇ ‘ਚ ਹਨ, ਉਨ੍ਹਾਂ ਦਾ ਤੁਰੰਤ ਨਿਰੀਖਣ ਕਰਕੇ ਮਜ਼ਬੂਤ ਕੀਤਾ ਜਾਵੇ। ਨਾਲ ਹੀ ਨੀਵੇਂ ਇਲਾਕਿਆਂ ਵਿੱਚ ਵੀ ਤਟਬੰਧਾਂ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਪਾਣੀ ਦਾ ਓਵਰਫਲੋ ਨਾ ਹੋਵੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਤਟਬੰਧਾਂ ਨੂੰ ਹਰਾ-ਭਰਾ ਬਣਾਉਣ ਲਈ ਉੱਥੇ ਰੁੱਖ ਲਗਾਉਣ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਕਦਮ ਨਾ ਸਿਰਫ ਪਰਿਆਵਰਣ ਲਈ ਲਾਭਦਾਇਕ ਹੋਵੇਗਾ, ਸਗੋਂ ਤਟਬੰਧਾਂ ਦੀ ਮਜ਼ਬੂਤੀ ਵਿੱਚ ਵੀ ਸਹਾਇਕ ਸਾਬਤ ਹੋਵੇਗਾ। ਮੁੱਖ ਮੰਤਰੀ ਨੇ ਘੱਗਰ, ਮਾਰਕੰਡਾ ਅਤੇ ਟਾਂਗਰੀ ਨਦੀਆਂ ਦੀ ਸਫਾਈ ਅਤੇ ਉਨ੍ਹਾਂ ਦੇ ਤਟਬੰਧਾਂ ‘ਤੇ ਖਾਸ ਧਿਆਨ ਦੇਣ ਲਈ ਵੀ ਕਿਹਾ।
ਮੀਟਿੰਗ ਦੌਰਾਨ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਸੂਬੇ ਵਿੱਚ ਕੁੱਲ 825 ਡ੍ਰੇਨਾਂ ਅਤੇ ਨਾਲਿਆਂ ਵਿੱਚੋਂ 713 ਦੀ ਸਫਾਈ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਕੰਮ ਜੂਨ ਤੱਕ ਪੂਰਾ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਬਾੜ ਰੋਕਥਾਮ ਦੇ 425 ਛੋਟੇ ਪ੍ਰਾਜੈਕਟਾਂ ਵਿੱਚੋਂ 250 ਦੇ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰਾਜ ਵਿੱਚ ਪਾਣੀ ਨਿਕਾਸੀ ਲਈ 2723 ਪੰਪ ਤਿਆਰ ਹਨ, ਜਿਨ੍ਹਾਂ ਦੀ ਕੁੱਲ ਸਮਰੱਥਾ 9609 ਕਿਊਸਿਕ ਹੈ। ਇਸ ਵਿੱਚ ਡੀਜ਼ਲ, ਇਲੈਕਟ੍ਰਿਕ ਅਤੇ ਮੋਬਾਈਲ ਪੰਪ ਸ਼ਾਮਲ ਹਨ। ਸਥਾਨਕ ਨਿਕਾਇਆਂ ਵੱਲੋਂ ਵੀ ਕਈ ਸ਼ਹਿਰਾਂ ਵਿੱਚ ਡ੍ਰੇਨਾਂ ਦੀ ਸਫਾਈ ਦਾ ਕੰਮ ਜਾਰੀ ਹੈ ਅਤੇ ਇਹ ਕੰਮ ਵੀ ਜਲਦੀ ਪੂਰਾ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਕੰਮਾਂ ਦੀ ਨਿਯਮਿਤ ਨਿਗਰਾਨੀ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਬਾਰਿਸ਼ ਦੇ ਮੌਸਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
