ਬਰਨਾਲਾ ਦੀ ਸਿਆਸਤ ’ਚ ਵੱਡੀ ਹਲਚਲ: ਗੁਰਦੀਪ ਬਾਠ ਦੀ ”ਨੀਲੀ ਦਸਤਾਰ” ਨੇ ਦਿੱਤੇ ਨਵੇਂ ਸੰਕੇਤ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਸੂਬੇ ਦੀ ਸਿਆਸਤ ਵਿੱਚ ਗਰਮਾਹਟ ਵਧਣੀ ਸ਼ੁਰੂ ਹੋ ਗਈ ਹੈ। ਰਾਜਨੀਤਿਕ ਪਾਰਟੀਆਂ ਅਤੇ ਆਗੂਆਂ ਨੇ ਹੁਣ ਤੋਂ ਹੀ ਨਵੇਂ ਜੋੜ-ਤੋੜ ਅਤੇ ਸਮੀਕਰਨ ਬਿਠਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਵੇਲੇ ਸਭ ਤੋਂ ਵੱਡੀ ਚਰਚਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸੰਭਾਵੀ ਗਠਜੋੜ ਨੂੰ ਲੈ ਕੇ ਹੋ ਰਹੀ ਹੈ। ਜੇਕਰ ਇਹ ਗਠਜੋੜ ਹੁੰਦਾ ਹੈ, ਤਾਂ ਕਈ ਸੀਟਾਂ ਦੇ ਸਮੀਕਰਨ ਬਦਲ ਜਾਣਗੇ, ਪਰ ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਇਸ ਵੇਲੇ ਅੰਦਰੂਨੀ ਸਿਆਸਤ ਪੂਰੀ ਤਰ੍ਹਾਂ ਭਖ ਚੁੱਕੀ ਹੈ।

ਸੁਖਬੀਰ ਬਾਦਲ ਦਾ ‘ਦਵਾਈ’ ਵਾਲਾ ਇਸ਼ਾਰਾ 

ਹਲਕਾ ਬਰਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਲਈ ਪੂਰੀ ਵਾਹ ਲਾ ਰਹੇ ਹਨ। ਪਿਛਲੇ ਦਿਨੀਂ ਉਨ੍ਹਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਮਣੇ ਅਕਾਲੀ ਵਰਕਰਾਂ ਦੀ ਇੱਕ ਵੱਡੀ ‘ਪਰੇਡ’ ਕਰਵਾ ਕੇ ਆਪਣਾ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਸੀ। ਹਾਲਾਂਕਿ, ਸੁਖਬੀਰ ਬਾਦਲ ਦੇ ਇੱਕ ਬਿਆਨ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਬਾਦਲ ਨੇ ਕਿਹਾ ਕਿ ਭਾਵੇਂ ਪਹਿਲਾ ਹੱਕ ਕੁਲਵੰਤ ਸਿੰਘ ਕੀਤੂ ਦਾ ਹੈ, ਪਰ ਬਰਨਾਲਾ ਵਿੱਚ ‘ਆਮ ਆਦਮੀ ਪਾਰਟੀ’ ਰੂਪੀ ਬਿਮਾਰੀ ਬਹੁਤ ਜ਼ਿਆਦਾ ਫੈਲ ਚੁੱਕੀ ਹੈ, ਜਿਸ ਨੂੰ ਖ਼ਤਮ ਕਰਨ ਲਈ ਕਿਸੇ “ਤਕੜੀ ਦਵਾਈ ਦੀ ਸਪਰੇਅ” ਦੀ ਲੋੜ ਹੈ।

ਗੁਰਦੀਪ ਸਿੰਘ ਬਾਠ ਦੀ ਨੀਲੀ ਦਸਤਾਰ ਅਤੇ ਸਿਆਸੀ ਮਾਇਨੇ

ਸੁਖਬੀਰ ਬਾਦਲ ਦੇ ਇਸ ਇਸ਼ਾਰੇ ਤੋਂ ਬਾਅਦ ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਗੁਰਦੀਪ ਸਿੰਘ ਬਾਠ ਸਰਗਰਮ ਹੋ ਗਏ ਹਨ। ਜ਼ਿਮਨੀ ਚੋਣ ਦੌਰਾਨ ਆਜ਼ਾਦ ਉਮੀਦਵਾਰ ਵਜੋਂ 18 ਹਜ਼ਾਰ ਵੋਟਾਂ ਲੈ ਕੇ ਸਭ ਨੂੰ ਹੈਰਾਨ ਕਰਨ ਵਾਲੇ ਬਾਠ ਨੇ ਹੁਣ ‘ਨੀਲੀ ਦਸਤਾਰ’ ਸਜਾਉਣੀ ਸ਼ੁਰੂ ਕਰ ਦਿੱਤੀ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਬਾਠ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦੇ ਹਨ ਅਤੇ ਬਰਨਾਲਾ ਤੋਂ ਪਾਰਟੀ ਦੇ ਉਮੀਦਵਾਰ ਵਜੋਂ ਸਾਹਮਣੇ ਆ ਸਕਦੇ ਹਨ।

ਗਠਜੋੜ ਅਤੇ ਟਿਕਟ ਦੀ ਦਾਅਵੇਦਾਰੀ 

ਜੇਕਰ ਅਕਾਲੀ-ਭਾਜਪਾ ਗਠਜੋੜ ਸਿਰੇ ਚੜ੍ਹਦਾ ਹੈ, ਤਾਂ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਬਰਨਾਲਾ ਸੀਟ ਕਿਸ ਦੇ ਹਿੱਸੇ ਆਉਂਦੀ ਹੈ। ਪਰ ਫਿਲਹਾਲ ਗੁਰਦੀਪ ਸਿੰਘ ਬਾਠ ਦੀਆਂ ਸਰਗਰਮੀਆਂ ਨੇ ਕੁਲਵੰਤ ਸਿੰਘ ਕੀਤੂ ਦੇ ਖੇਮੇ ਵਿਚ ਚਿੰਤਾ ਵਧਾ ਦਿੱਤੀ ਹੈ। ਬਾਠ ਵੱਲੋਂ ਨੀਲੀ ਦਸਤਾਰ ਸਜਾ ਕੇ ਵਰਕਰਾਂ ਨਾਲ ਮੁਲਾਕਾਤਾਂ ਕਰਨ ਨੂੰ ਉਨ੍ਹਾਂ ਦੇ ਅਕਾਲੀ ਦਲ ਵਿਚ ਪ੍ਰਵੇਸ਼ ਦੀ ਤਿਆਰੀ ਵਜੋਂ ਦੇਖਿਆ ਜਾ ਰਿਹਾ ਹੈ।

By Gurpreet Singh

Leave a Reply

Your email address will not be published. Required fields are marked *