ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਨੇ ਸੰਯੁਕਤ ਰਾਸ਼ਟਰ ਮਹਾਸਭਾ ’ਚ ਜੰਮੂ ਕਸ਼ਮੀਰ ਦੇ ‘ਨਾਜਾਇਜ਼’ ਜ਼ਿਕਰ ਲਈ ਪਾਕਿਸਤਾਨ ਦੀ ਆਲੋਚਨਾ ਕੀਤੀ ਹੈ। ਭਾਰਤ ਨੇ ਇਹ ਵੀ ਆਖਿਆ ਹੈ ਕਿ ਅਜਿਹੀਆਂ ਟਿੱਪਣੀਆਂ ਨਾਲ ਨਾ ਤਾਂ ਪਾਕਿਸਤਾਨ ਦੇ ਦਾਅਵੇ ਜਾਇਜ਼ ਹੋ ਜਾਂਦੇ ਹਨ ਅਤੇ ਨਾ ਹੀ ਸਰਹੱਦ ਪਾਰ ਅਤਿਵਾਦ ਬਾਰੇ ਉਸ ਦੀਆਂ ਸਰਗਰਮੀਆਂ ਨੂੰ ਜਾਇਜ਼ ਠਹਿਰਾਇਆ ਜਾਵੇਗਾ।
ਸੰਯੁਕਤ ਰਾਸ਼ਟਰ ’ਚ ਭਾਰਤ ਦੇ ਪੱਕੇ ਨੁਮਾਇੰਦੇ ਪੀ. ਹਰੀਸ਼ ਨੇ ਇਸਲਾਮੋਫੋਬੀਆ ਦੇ ਟਾਕਰੇ ਸਬੰਧੀ ਕੌਮਾਂਤਰੀ ਦਿਵਸ ’ਤੇ ਮਹਾਸਭਾ ਦੀ ਗ਼ੈਰਰਸਮੀ ਮੀਟਿੰਗ ’ਚ ਕਿਹਾ, ‘‘ਜਿਵੇਂ ਕਿ ਉਨ੍ਹਾਂ ਦੀ ਆਦਤ ਹੈ, ਪਾਕਿਸਤਾਨ ਦੇ ਸਾਬਕਾ ਵਿਦੇਸ਼ ਸਕੱਤਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦਾ ਗਲਤ ਹਵਾਲਾ ਦਿੱਤਾ ਹੈ।’’ ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਵਾਰ ਵਾਰ ਜ਼ਿਕਰ ਕੀਤੇ ਜਾਣ ਨਾਲ ਨਾ ਤਾਂ ਉਸ ਦੇ ਦਾਅਵੇ ਜਾਇਜ਼ ਹੋ ਜਾਂਦੇ ਹਨ ਅਤੇ ਨਾ ਹੀ ਸਰਹੱਦ ਪਾਰੋਂ ਅਤਿਵਾਦ ਦੀਆਂ ਉਸ ਦੀਆਂ ਸਰਗਰਮੀਆਂ ਜਾਇਜ਼ ਠਹਿਰਾਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਉਸ ਮੁਲਕ ਦੀ ਕੱਟੜਪੰਥੀ ਮਾਨਸਿਕਤਾ ਅਤੇ ਕੱਟੜਤਾ ਦਾ ਇਤਿਹਾਸ ਜੱਗ ਜ਼ਾਹਿਰ ਹੈ ਅਤੇ ਅਜਿਹੀਆਂ ਕੋਸ਼ਿਸ਼ਾਂ ਨਾਲ ਹਕੀਕਤ ਨਹੀਂ ਬਦਲੇਗੀ ਕਿ ਜੰਮੂ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਸੀ ਅਤੇ ਹਮੇਸ਼ਾ ਰਹੇਗਾ। ਦਰਅਸਲ ਇਸਲਾਮੋਫੋਬੀਆ ਨਾਲ ਸਿੱਝਣ ਬਾਰੇ ਕੌਮਾਂਤਰੀ ਦਿਵਸ ’ਤੇ ਮਹਾਸਭਾ ਦੀ ਮੀਟਿੰਗ ’ਚ ਪਾਕਿਸਤਾਨ ਦੀ ਸਾਬਕਾ ਵਿਦੇਸ਼ ਸਕੱਤਰ ਤਹਿਮੀਨਾ ਜੰਜੂਆ ਨੇ ਜੰਮੂ ਕਸ਼ਮੀਰ ਦਾ ਜ਼ਿਕਰ ਕੀਤਾ ਸੀ, ਜਿਸ ਮਗਰੋਂ ਹਰੀਸ਼ ਨੇ ਇਹ ਸਖ਼ਤ ਪ੍ਰਤੀਕਰਮ ਦਿੱਤਾ।
ਧਾਰਮਿਕ ਵਿਤਕਰੇ ਨਾਲ ਸਾਰੇ ਧਰਮਾਂ ਦੇ ਲੋਕ ਹੁੰਦੇ ਨੇ ਪ੍ਰਭਾਵਿਤ
’ਸੰਯੁਕਤ ਰਾਸ਼ਟਰ ’ਚ ਭਾਰਤ ਦੇ ਪੱਕੇ ਨੁਮਾਇੰਦੇ ਪੀ. ਹਰੀਸ਼ ਨੇ ਕਿਹਾ ਕਿ ਧਾਰਮਿਕ ਵਿਤਕਰੇ ਨਾਲ ਸਾਰੇ ਧਰਮਾਂ ਦੇ ਪੈਰੋਕਾਰ ਪ੍ਰਭਾਵਿਤ ਹੁੰਦੇ ਹਨ। ਉਨ੍ਹਾਂ ਕਿਹਾ, ‘‘ਭਾਰਤ ਵਿਭਿੰਨਤਾ ਅਤੇ ਬਹੁਲਵਾਦ ਦੀ ਧਰਤੀ ਹੈ। ਸਾਡੇ ਮੁਲਕ ’ਚ ਦੁਨੀਆ ਦੇ ਤਕਰੀਬਨ ਹਰੇਕ ਵੱਡੇ ਧਰਮ ਦੇ ਪੈਰੋਕਾਰਾਂ ਰਹਿੰਦੇ ਹਨ।
ਭਾਰਤ ਚਾਰ ਆਲਮੀ ਧਰਮਾਂ ਹਿੰਦੂ, ਬੁੱਧ, ਜੈਨ ਅਤੇ ਸਿੱਖਾਂ ਦਾ ਜਨਮ ਅਸਥਾਨ ਹੈ। ਮੁਲਕ ’ਚ ਇਸਲਾਮ ਮੰਨਣ ਵਾਲੇ 20 ਕਰੋੜ ਤੋਂ ਜ਼ਿਆਦਾ ਨਾਗਰਿਕ ਹਨ।
ਦੁਨੀਆ ’ਚ ਮੁਸਲਮਾਨਾਂ ਦੀ ਸਭ ਤੋਂ ਵੱਡੀ ਆਬਾਦੀ ਭਾਰਤ ’ਚ ਹੈ।’’ ਉਨ੍ਹਾਂ ਕਿਹਾ ਕਿ ਸਾਰੇ ਮੁਲਕਾਂ ਨੂੰ ਧਾਰਮਿਕ ਵਿਤਕਰੇ ਦੀ ਬਜਾਏ ਆਪਣੇ ਨਾਗਰਿਕਾਂ ਨਾਲ ਬਰਾਬਰੀ ਦਾ ਵਿਹਾਰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਪ੍ਰਣਾਲੀ ਅਜਿਹੀ ਹੋਣੀ ਚਾਹੀਦੀ ਹੈ ਜੋ ਅਸਹਿਣਸ਼ੀਲਤਾ ਨੂੰ ਹੱਲਾਸ਼ੇਰੀ ਨਾ ਦੇਵੇ।
