ਰਾਜੀਵ ਸ਼ਰਮਾ :- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ 1 ਅਗਸਤ, 2026 ਨੂੰ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਦੇ ਦੌਰੇ ’ਤੇ ਜਾਣਗੇ। ਪ੍ਰਧਾਨ ਮੰਤਰੀ ਸਵੇਰੇ ਲਗਭਗ 11 ਵਜੇ ਆਂਧਰਾ ਪ੍ਰਦੇਸ਼ ਦੇ ਵਿਜੇਨਗਰਮ ਜ਼ਿਲ੍ਹੇ ਦੇ ਭੋਗਾਪੁਰਮ ਵਿਖੇ ਸਥਿਤ ਅੱਲੂਰੀ ਸੀਤਾਰਾਮ ਰਾਜੂ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਯਾਤਰੀ ਟਰਮੀਨਲ ਭਵਨ ਦਾ ਜਾਇਜ਼ਾ ਲੈਣਗੇ। ਲਗਭਗ 11:30 ਵਜੇ, ਪ੍ਰਧਾਨ ਮੰਤਰੀ ਮੋਦੀ ਹਵਾਈ ਅੱਡੇ ਦਾ ਉਦਘਾਟਨ ਕਰਨਗੇ ਅਤੇ ਭੋਗਾਪੁਰਮ ਵਿੱਚ 17,900 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਇਸ ਮੌਕੇ ’ਤੇ ਉਹ ਇਕੱਠ ਨੂੰ ਸੰਬੋਧਨ ਵੀ ਕਰਨਗੇ। ਇਸ ਤੋਂ ਬਾਅਦ, ਦੁਪਹਿਰ ਲਗਭਗ 3:30 ਵਜੇ, ਪ੍ਰਧਾਨ ਮੰਤਰੀ ਮੈਸੂਰੂ ਸਥਿਤ ਸ਼੍ਰੀ ਰਾਮਕ੍ਰਿਸ਼ਨ ਆਸ਼ਰਮ ਵਿਖੇ ਸਵਾਮੀ ਵਿਵੇਕਾਨੰਦ ਸੱਭਿਆਚਾਰਕ ਨੌਜਵਾਨ ਕੇਂਦਰ – ਵਿਵੇਕ ਸਮਾਰਕ ਦਾ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਂਧਰਾ ਪ੍ਰਦੇਸ਼ ਦੇ ਭੋਗਾਪੁਰਮ ਵਿੱਚ ਅੱਲੂਰੀ ਸੀਤਾਰਾਮ ਰਾਜੂ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕਰਨਗੇ। ਜਨਤਕ-ਨਿੱਜੀ ਭਾਈਵਾਲੀ (ਪੀਪੀਪੀ) ਮਾਡਲ ਦੇ ਅਧੀਨ 5,640 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਤ ਇਸ ਗ੍ਰੀਨਫੀਲਡ ਹਵਾਈ ਅੱਡੇ ਨੂੰ ਪ੍ਰਤੀ ਸਾਲ 6 ਮਿਲੀਅਨ ਯਾਤਰੀਆਂ ਨੂੰ ਸੰਭਾਲਣ ਲਈ ਤਿਆਰ ਕੀਤਾ ਗਿਆ ਹੈ।
ਯਾਤਰੀ ਟਰਮੀਨਲ ਭਵਨ ਨੂੰ ਵੀ ਆਧੁਨਿਕ, ਸੁਖਾਲਾ ਅਤੇ ਕੁਸ਼ਲ ਯਾਤਰਾ ਅਨੁਭਵ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਹਵਾਈ ਅੱਡੇ ਵਿੱਚ ਉੱਨਤ ਬੁਨਿਆਦੀ ਢਾਂਚਾ, ਅਤਿ-ਆਧੁਨਿਕ ਤਕਨਾਲੋਜੀਆਂ ਅਤੇ ਟਿਕਾਊ ਵਿਸ਼ੇਸ਼ਤਾਵਾਂ ਸ਼ਾਮਲ ਹਨ ਤਾਂ ਜੋ ਸੰਚਾਲਨ ਕੁਸ਼ਲਤਾ ਨੂੰ ਵਧਾਇਆ ਜਾ ਸਕੇ ਅਤੇ ਭਵਿੱਖ ਦੀਆਂ ਹਵਾਬਾਜ਼ੀ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ।
ਹਵਾਈ ਅੱਡੇ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ), ਬਿਲਡਿੰਗ ਇਨਫਾਰਮੇਸ਼ਨ ਮਾਡਲਿੰਗ (ਬੀਆਈਐੱਮ), ਏਅਰਸਾਈਡ 4.0 ਤਕਨਾਲੋਜੀ, ਏਅਰਪੋਰਟ ਪ੍ਰੀਡਿਕਟਿਵ ਆਪ੍ਰੇਸ਼ਨਜ਼ ਸੈਂਟਰ (ਏਪੀਓਸੀ), ਬਾਇਓਮੈਟ੍ਰਿਕ ਯਾਤਰੀ ਪ੍ਰੋਸੈੱਸਿੰਗ, ਸਵੈਚਾਲਿਤ ਬੈਗੇਜ ਹੈਂਡਲਿੰਗ ਸਿਸਟਮ ਅਤੇ ਇੰਟੈਲੀਜੈਂਟ ਆਪ੍ਰੇਸ਼ਨਲ ਮੌਨੀਟਰਿੰਗ ਸੌਲਿਊਸ਼ਨਜ਼ ਵਰਗੀਆਂ ਉੱਨਤ ਤਕਨਾਲੋਜੀਆਂ ਨਾਲ ਲੈਸ ਕੀਤਾ ਗਿਆ ਹੈ। ਇਨ੍ਹਾਂ ਪ੍ਰਣਾਲੀਆਂ ਨਾਲ ਸੰਚਾਲਨ ਕੁਸ਼ਲਤਾ ਵਿੱਚ ਵਾਧਾ, ਯਾਤਰੀਆਂ ਦੀ ਸੁਵਿਧਾ ਅਤੇ ਸੁਰੱਖਿਆ ਵਿੱਚ ਸੁਧਾਰ ਅਤੇ ਸਰੋਤਾਂ ਦੀ ਬਿਹਤਰ ਵਰਤੋਂ ਦੀ ਉਮੀਦ ਹੈ।
ਹਵਾਈ ਅੱਡੇ ਦਾ ਆਰਕੀਟੈਕਚਰਲ ਡਿਜ਼ਾਈਨ ਆਂਧਰਾ ਪ੍ਰਦੇਸ਼ ਦੀ ਸੱਭਿਆਚਾਰਕ ਵਿਰਾਸਤ ਤੋਂ ਪ੍ਰੇਰਿਤ ਹੈ। ਟਰਮੀਨਲ ਦੀ ਛੱਤ ਦਾ ਆਕਾਰ ਰਵਾਇਤੀ ਚੁੱਟੀਲੂ ਝੌਂਪੜੀਆਂ ਅਤੇ ਅਰਕੂ ਘਾਟੀ ਦੇ ਦ੍ਰਿਸ਼ਾਂ ਨੂੰ ਦਰਸਾਉਂਦਾ ਹੈ, ਜਦੋਂ ਕਿ ਇਸ ਦਾ ਪ੍ਰਵਾਹਮਈ ਰੂਪ ਉੱਡਦੀ ਹੋਈ ਮੱਛੀ ਦੀ ਮਨਮੋਹਕ ਗਤੀ ਦਾ ਪ੍ਰਤੀਕ ਹੈ, ਜੋ ਖੇਤਰੀ ਵਾਸਤੂਕਲਾ ਵਿਸ਼ੇਸ਼ਤਾਵਾਂ ਨੂੰ ਸਮਕਾਲੀ ਹਵਾਈ ਅੱਡੇ ਦੇ ਡਿਜ਼ਾਈਨ ਨਾਲ ਮਿਲਾਉਂਦਾ ਹੈ। ਉਮੀਦ ਹੈ ਕਿ ਇਹ ਹਵਾਈ ਅੱਡਾ ਆਂਧਰਾ ਪ੍ਰਦੇਸ਼ ਵਿੱਚ ਸੈਰ-ਸਪਾਟੇ, ਵਪਾਰ, ਨਿਵੇਸ਼ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਨੂੰ ਮਹੱਤਵਪੂਰਨ ਉਤਸ਼ਾਹ ਦੇਵੇਗਾ ਅਤੇ ਨਾਲ ਹੀ ਖੇਤਰ ਵਿੱਚ ਹਵਾਈ ਸੰਪਰਕ ਨੂੰ ਮਜ਼ਬੂਤ ਕਰੇਗਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਵਿਸ਼ਾਖਾਪਟਨਮ ਵਿੱਚ 460 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ ਵਿਕਸਤ ਕੀਤਾ ਜਾ ਰਿਹਾ ਏਐੱਸਆਈਪੀ ਸੈਮੀਕੰਡਕਟਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ।
