ਨੈਸ਼ਨਲ ਟਾਈਮਜ਼ ਬਿਊਰੋ :- ਅੱਜ ਸੂਬੇ ’ਚ ਬੱਸਾਂ ਨੂੰ ਬ੍ਰੇਕਾਂ ਲੱਗਣਗੀਆਂ। ਪਨਬੱਸ ਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਨੇ ਹਰੇਕ ਜ਼ਿਲ੍ਹੇ ’ਚ 2 ਘੰਟੇ ਲਈ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਦੁਪਹਿਰ 12 ਵਜੋ ਤੋਂ ਲੈਕੇ 2 ਵਜੇ ਤਕ ਸਰਕਾਰੀ ਬੱਸਾਂ ਬੰਦ ਰਹਿਣਗੀਆਂ। ਠੇਕਾ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਐਲਾਨ ਕੀਤਾ ਹੈ।
ਦਰਅਸਲ ‘ਚ ਪੰਜਾਬ ਦੇ 6 ਜ਼ਿਲ੍ਹਿਆਂ ‘ਚ ਸਰਕਾਰ ਵਲੋਂ ਨਵੀਆਂ ਕਿਲੋਮੀਟਰ ਸਕੀਮ ਅਧੀਨ ਬੱਸਾਂ ਪਾਉਣ ਨੂੰ ਲੈ ਕੇ ਭਲਕੇ ਟੈਂਡਰ ਖੋਲਿਆ ਜਾਣਾ ਹੈ ਅਤੇ ਜਿਸ ਦੇ ਰੋਸ ਵਜੋਂ ਕੱਲ ਕੰਟਰੈਕਟ ਵਰਕਰਜ਼ ਯੂਨੀਅਨਾਂ ਵੱਲੋਂ 12 ਤੋਂ 2 ਵਜੇ ਤੱਕ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਬਾਅਦ 2 ਵਜੇ ਨੈਸ਼ਨਲ ਹਾਈਵੇ ਬੰਦ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਹਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਰੋਡਵੇਜ਼ ਮੁਲਾਜ਼ਮਾਂ ਕੱਲ ਬਾਆਦ ਦੁਪਹਿਰ ਮੁਕੰਮਲ ਤੌਰ ‘ਤੇ ਪੰਜਾਬ ਰੋਡਵੇਜ ਦੀਆਂ ਬੱਸਾਂ ਬੰਦ ਕਰਨਗੇ।
ਉਨ੍ਹਾਂ ਕਿਹਾ ਕਿ ਸਰਕਾਰ ਨਾਲ ਕਈ ਵਾਰ ਮੀਟਿੰਗਾਂ ਹੋਈਆਂ ਪਰ ਸਰਕਾਰ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਤੋਂ ਮੁੜ ਮੁੱਕਰ ਜਾਂਦੀ ਹੈ ਅਤੇ ਹੁਣ ਪਨਬੱਸ ਮੁਲਾਜ਼ਮਾਂ ਵਲੋਂ ਤਿਖੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਪ੍ਰਾਈਵੇਟ ਬੱਸਾਂ ਨੂੰ ਵਿਭਾਗ ਅਧੀਨ ਲੈ ਕੇ ਆਉਣ ਨਾਲ ਵਿਭਾਗ ਖਤਮ ਹੋਣ ਦੀ ਕਗਾਰ ਵੱਲ ਵਧੇਗਾ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਸਰਕਾਰ ਕੋਲ ਪੈਸੇ ਨਹੀਂ ਹਨ। ਹਰ ਵਾਰ ਮੁਲਾਜ਼ਮਾਂ ਨੂੰ ਸੰਘਰਸ਼ ਕਰਕੇ ਤਨਖਾਹ ਲੈਣੀ ਪੈਂਦੀ ਹੈ।
