ਪੰਜਾਬ ਭਾਜਪਾ ਦਾ ਸਿਆਸੀ ਘੇਰਾ ਵਧਿਆ, ਚਾਰ ਵੱਡੇ ਚਿਹਰੇ ਪਾਰਟੀ ’ਚ ਸ਼ਾਮਲ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿੱਚ 2027 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ ਅਤੇ ਭਾਜਪਾ ਲਗਾਤਾਰ ਆਪਣਾ ਅਧਾਰ ਵਧਾਉਂਦੀ ਨਜ਼ਰ ਆ ਰਹੀ ਹੈ। ਅੱਜ ਪਾਰਟੀ ਵਿੱਚ ਚਾਰ ਪ੍ਰਮੁੱਖ ਸਿਆਸੀ ਚਿਹਰਿਆਂ ਦੀ ਸ਼ਾਮੂਲੀਅਤ ਨਾਲ ਇਹ ਸੰਕੇਤ ਮਿਲਿਆ ਹੈ ਕਿ ਭਾਜਪਾ ਆਉਣ ਵਾਲੀ ਚੋਣ ਲਈ ਗੰਭੀਰ ਤਿਆਰੀ ਦੇ ਮੂਡ ਵਿੱਚ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੀ ਮੌਜੂਦਗੀ ਵਿੱਚ ਸਾਬਕਾ ਕਾਂਗਰਸੀ ਸੰਸਦ ਮੈਂਬਰ ਜਗਮੀਤ ਬਰਾੜ ਨੇ ਭਾਜਪਾ ਦਾ ਦਾਮਨ ਫੜਿਆ। ਉਨ੍ਹਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ OSD ਓਂਕਾਰ ਸਿੱਧੂ ਅਤੇ ਅਕਾਲੀ ਦਲ ਨਾਲ ਲੰਬੇ ਸਮੇਂ ਤੱਕ ਜੁੜੇ ਰਹੇ ਸੀਨੀਅਰ ਆਗੂ ਚਰਨਜੀਤ ਬਰਾੜ ਵੀ ਭਾਜਪਾ ਵਿੱਚ ਸ਼ਾਮਿਲ ਹੋ ਗਏ।

ਇਸ ਦੌਰਾਨ ਕੋਟਕਪੂਰਾ ਤੋਂ ਪਹਿਲਾਂ ਵਿਧਾਇਕ ਰਹਿ ਚੁੱਕੇ ਰਿਪਜੀਤ ਸਿੰਘ ਬਰਾੜ ਨੇ ਵੀ ਭਾਜਪਾ ਜੁਆਇਨ ਕੀਤੀ। ਜਗਮੀਤ ਬਰਾੜ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਵਜੋਂ ਮੌੜ ਮੰਡੀ ਤੋਂ ਮੈਦਾਨ ਵਿੱਚ ਉਤਰੇ ਸਨ, ਜਿਸ ਕਾਰਨ ਮਾਲਵਾ ਖੇਤਰ ਵਿੱਚ ਉਨ੍ਹਾਂ ਦੀ ਪਹਿਚਾਣ ਅਤੇ ਸਿਆਸੀ ਪਕੜ ਮੰਨੀ ਜਾਂਦੀ ਹੈ।

ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਸ਼ਾਮਿਲੀਅਤ ਮੌਕੇ ਕਿਹਾ ਕਿ ਪਾਰਟੀ ਪਰਿਵਾਰ ਵਿੱਚ ਅੱਜ ਹੋਰ ਵਿਸਥਾਰ ਹੋਇਆ ਹੈ ਅਤੇ ਜੋ ਆਗੂ ਭਾਜਪਾ ਨਾਲ ਜੁੜੇ ਹਨ, ਉਹ ਆਪਣੇ ਕੰਮ ਅਤੇ ਸਿਆਸੀ ਅਨੁਭਵ ਕਾਰਨ ਪਹਿਲਾਂ ਹੀ ਲੋਕਾਂ ਵਿੱਚ ਜਾਣੇ-ਪਛਾਣੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਮੌਜੂਦਾ ਹਾਲਾਤਾਂ ਕਾਰਨ ਲੋਕ ਅਸੁਰੱਖਿਆ ਅਤੇ ਅਣਸ਼ਚਿਤਤਾ ਮਹਿਸੂਸ ਕਰ ਰਹੇ ਹਨ ਅਤੇ ਹੁਣ ਉਨ੍ਹਾਂ ਦੀਆਂ ਉਮੀਦਾਂ ਭਾਜਪਾ ਵੱਲ ਮੋੜ ਰਹੀਆਂ ਹਨ।

ਸਾਬਕਾ ਸੰਸਦ ਮੈਂਬਰ ਮਹਾਰਾਣੀ ਪਰਣੀਤ ਕੌਰ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਇੱਕ ਨਵੇਂ ਦੌਰ ਵਿੱਚ ਦਾਖ਼ਲ ਹੋ ਰਹੀ ਹੈ ਅਤੇ 2027 ਤੋਂ ਪਹਿਲਾਂ ਵੱਡਾ ਸਿਆਸੀ ਬਦਲਾਅ ਦਿਸ ਰਿਹਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਭਾਜਪਾ ਸੂਬੇ ਵਿੱਚ ਸਰਕਾਰ ਬਣਾਉਣ ਦੀ ਸਥਿਤੀ ਵੱਲ ਤੇਜ਼ੀ ਨਾਲ ਅੱਗੇ ਵਧ ਰਹੀ ਹੈ।

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਦਾਅਵਾ ਕੀਤਾ ਕਿ ਭਾਜਪਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਨਸ਼ਾ, ਗੈਂਗਸਟਰਵਾਦ ਅਤੇ ਰੋਜ਼ਗਾਰ ਵਰਗੇ ਮੁੱਦਿਆਂ ’ਤੇ ਲੋਕਾਂ ਨੂੰ ਹੁਣ ਸਮਝ ਆ ਰਹੀ ਹੈ ਕਿ ਭਾਜਪਾ ਹੀ ਇਕ ਮਜ਼ਬੂਤ ਵਿਕਲਪ ਹੈ। ਉਨ੍ਹਾਂ ਦੇ ਮੁਤਾਬਕ ਜੇਕਰ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਵਿਕਾਸ ਦੀ ਰਫ਼ਤਾਰ ਨੂੰ ਨਵਾਂ ਰੁਖ਼ ਮਿਲੇਗਾ।

ਸਿਆਸੀ ਮਾਹਿਰਾਂ ਅਨੁਸਾਰ ਅੱਜ ਹੋਈਆਂ ਇਹ ਸ਼ਾਮਿਲੀਅਤਾਂ ਖ਼ਾਸ ਤੌਰ ’ਤੇ ਮਾਲਵਾ ਖੇਤਰ ਨੂੰ ਧਿਆਨ ਵਿੱਚ ਰੱਖ ਕੇ ਕੀਤੀਆਂ ਗਈਆਂ ਹਨ। ਪੰਜਾਬ ਦੀਆਂ 117 ਵਿੱਚੋਂ 69 ਵਿਧਾਨ ਸਭਾ ਸੀਟਾਂ ਮਾਲਵਾ ਵਿੱਚ ਹਨ ਅਤੇ ਸਰਕਾਰ ਬਣਾਉਣ ਦੀ ਕੁੰਜੀ ਇਥੇ ਹੀ ਮੰਨੀ ਜਾਂਦੀ ਹੈ। ਜਗਮੀਤ ਬਰਾੜ, ਰਿਪਜੀਤ ਬਰਾੜ ਅਤੇ ਚਰਨਜੀਤ ਬਰਾੜ ਦਾ ਮੁਕਤਸਰ ਇਲਾਕੇ ਨਾਲ ਸਬੰਧ ਹੋਣਾ ਇਸ ਰਣਨੀਤੀ ਨੂੰ ਹੋਰ ਸਪਸ਼ਟ ਕਰਦਾ ਹੈ ਕਿ ਭਾਜਪਾ ਮਾਲਵਾ ਵਿੱਚ ਆਪਣਾ ਸਿਆਸੀ ਅਧਾਰ ਮਜ਼ਬੂਤ ਕਰਨ ਵੱਲ ਗੰਭੀਰ ਹੈ।

By Gurpreet Singh

Leave a Reply

Your email address will not be published. Required fields are marked *