ਰਾਹੁਲ ਦੇ ਦਬਕੇ ਮਗਰੋਂ ਪੰਜਾਬ ਕਾਂਗਰਸ ਇਕਜੁੱਟ: ਰਾਣਾ ਗੁਰਜੀਤ

ਚੰਡੀਗੜ੍ਹ :- ਸਾਬਕਾ ਮੰਤਰੀ ਅਤੇ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਦਾਅਵਾ ਕੀਤਾ ਕਿ ਸੰਸਦ ਮੈਂਬਰ ਰਾਹੁਲ ਗਾਂਧੀ ਵੱਲੋਂ ਬਰਨਾਲਾ ਰੈਲੀ ਵਿਚ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਮਾਰੇ ਦਬਕੇ ਪਿਛੋਂ ਪੰਜਾਬ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਸਰਕਾਰ ਦੀ ਜਿੱਤ ਯਕੀਨੀ ਬਣਾਉਣ ਲਈ ਇਕਜੁੱਟ ਹੋ ਗਈ ਹੈ ਅਤੇ ਲੋਕ ਕਾਂਗਰਸ ਸੱਤਾ ’ਚ ਲਿਆਉਣ ਲਈ ਤਿਆਰ ਹਨ। ਇੱਥੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਦੀ ਸਥਾਨਕ ਰਿਹਾਇਸ਼ ਮਾਲੇਰਕੋਟਲਾ ਹਾਊਸ ਵਿਖੇ ਪ੍ਰੈੱਸ ਕਾਨਫੰਸ ਦੌਰਾਨ ਜ਼ਿਲ੍ਹਾ ਕਾਂਗਰਸ ਪ੍ਰਧਾਨ ਬੀਬਾ ਨਿਸ਼ਾਤ ਅਖਤਰ ਦੀ ਮੌਜੂਦਗੀ ਵਿਚ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਜੇਕਰ ਇਹ ਕਦਮ ਸਾਲ ਕੁ ਚੁੱਕਿਆ ਜਾਂਦਾ ਤਾਂ ਇਹ ਪੰਜਾਬ ਅਤੇ ਕਾਂਗਰਸ ਲਈ ਹੋਰ ਵੀ ਵਧੀਆ ਹੋਣਾ ਸੀ। ‘ਆਪ’ ਨੂੰ ਭਾਜਪਾ ਦੀ ‘ਬੀ’ ਟੀਮ ਦੱਸਦਿਆਂ ਕਾਂਗਰਸੀ ਨੇਤਾ ਨੇ ਦਿੱਲੀ ਕੋਰਟ ਵੱਲੋਂ ਕੇਜਰੀਵਾਲ ਨੂੰ ਬਰੀ ਕਰਨ ’ਤੇ ਸਵਾਲ ਖੜ੍ਹੇ ਕੀਤੇ ਤੇ ਕਿਹਾ ਕਿ ਭਾਜਪਾ ਪੰਜਾਬ ਚੋਣਾਂ ਵਿਚ ਲਾਹਾ ਲੈਣ ਲਈ ‘ਆਪ’ ਨੂੰ ਤਕੜਾ ਕਰਨਾ ਚਹੁੰਦੀ ਹੈ। ਇਸ ਮੌਕੇ ਕਮਲ ਧਾਲੀਵਾਲ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਝੁਨੇਰ, ਲਾਲ ਸਿੰਘ ਤੋਲੇਵਾਲ, ਸਪੋਕਸਪਰਸ਼ਨ ਅਨਵਾਰ ਮਹਿਬੂਬ ਆਦਿ ਮੌਜੂਦ ਸਨ।

‘ਕੈਪਟਨ ਦੀ ਵਾਪਸੀ ਬਾਰੇ ਇਤਰਾਜ਼ ਨਹੀਂ’

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ’ਚ ਵਾਪਸੀ ਦੀਆਂ ਕਨਸੋਆਂ ਬਾਰੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਹ ਹਾਈਕਮਾਂਡ ਦਾ ਅਧਿਕਾਰ ਖੇਤਰ ਹੈ ਪਰ ਮੈਨੂੰ ਨਿੱਜੀ ਤੌਰ ’ਤੇ ਇਸ ਬਾਰੇ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਰਾਜ ਅੰਦਰ ਸ਼ੁਰੂ ਹੋ ਰਹੀ ਐਸ ਆਈ ਆਰ ਪ੍ਰਤੀ ਸੁਚੇਤ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਨਵੀਂ ਵੋਟ ਬਣਨ ਅਤੇ ਕੱਟਣ ਪ੍ਰਤੀ ਪੂਰੀ ਚੌਕਸੀ ਰੱਖਣੀ ਪਵੇਗੀ।

By Gurpreet Singh

Leave a Reply

Your email address will not be published. Required fields are marked *