ਪੰਜਾਬ : ਵਿਆਹ ‘ਚ ਸ਼ਾਮਲ ਹੋਣ ਆਈ ਕੁੜੀ ਤੇਜ਼ਧਾਰ ਨਾਲ ਵੱਢੀ, ਬਿਆਨ ਸੁਣ ਸਭ ਦੇ ਉਡੇ ਹੋਸ਼

ਮੋਗਾ : ਜ਼ਿਲ੍ਹਾ ਮੋਗਾ ਦੇ ਇਕ ਪਿੰਡ ‘ਚ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਿੰਡ ਦੇ ਇਕ ਘਰ ‘ਚ ਵਿਆਹ ਸਮਾਰੋਹ ‘ਚ ਸ਼ਾਮਲ ਹੋਣ ਆਈ ਕੁੜੀ ਆਪਣੇ ਦੋਸਤ ਨਾਲ ਬਾਹਰ ਗਈ ਸੀ। ਕੁਝ ਸਮੇਂ ਬਾਅਦ ਹੀ ਉਹ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿਚ ਪਰਿਵਾਰ ਨੂੰ ਪਿੰਡ ਦੀ ਨਹਿਰ ਦੇ ਕਿਨਾਰੇ ਮਿਲੀ। ਕੁੜੀ ਦੇ ਪਿਤਾ ਨੇ ਦੱਸਿਆ ਕਿ ਪੰਜ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦੀ ਧੀ ਨੂੰ ਅਗਵਾ ਕਰ ਲਿਆ ਸੀ, ਜਿਸ ਤੋਂ ਬਾਅਦ ਇਹ ਘਟਨਾ ਵਾਪਰੀ ਹੈ। ਉਨ੍ਹਾਂ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਦੂਜੇ ਪਾਸੇ ਪੀੜਤ ਕੁੜੀ ਨੇ ਖੁਦ ਕਿਹਾ ਕਿ ਉਹ ਦੋ ਲੜਕਿਆਂ ਨਾਲ ਗਈ ਸੀ, ਜਿਨ੍ਹਾਂ ਵਿਚੋਂ ਇਕ ਉਸ ਦਾ ਦੋਸਤ ਸੀ। ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਉਸ ਦੇ ਸਰੀਰ ਅਤੇ ਚਿਹਰੇ ‘ਤੇ ਗੰਭੀਰ ਸੱਟਾਂ ਕਿਵੇਂ ਲੱਗੀਆਂ।

ਕੁੜੀ ਨੇ ਕਿਹਾ ਕਿ ਉਸ ਦੇ ਚਾਚੇ ਨੇ ਉਸ ਨੂੰ ਆਪਣੇ ਦੋਸਤ ਨਾਲ ਜਾਂਦੇ ਦੇਖ ਲਿਆ ਸੀ। ਇਸ ਡਰ ਕਰਕੇ ਉਸ ਨੇ ਦੋਸਤ ਨੂੰ ਕਿਹਾ ਕਿ ਜੇਕਰ ਉਹ ਘਰ ਵਾਪਸ ਗਈ ਤਾਂ ਉਸ ਦੇ ਪਰਿਵਾਰ ਵਾਲੇ ਉਸ ਨੂੰ ਮਾਰ ਸਕਦੇ ਹਨ। ਦੋਸਤ ਨੇ ਕਿਹਾ ਕਿ ਜੇਕਰ ਉਹ ਉਸ ਨੂੰ ਘਰ ਲੈ ਗਿਆ ਤਾਂ ਉਸ ਦੇ ਘਰ ਵਾਲੇ ਉਸ ਨੂੰ ਬੇਦਖਲ ਕਰ ਦੇਣਗੇ। ਉਸ ਤੋਂ ਬਾਅਦ ਉਸ ਨੂੰ ਕੁਝ ਯਾਦ ਨਹੀਂ।

ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਐੱਸਪੀਡੀ ਬਾਲਕ੍ਰਿਸ਼ਨ ਸਿੰਗਲਾ ਅਤੇ ਡੀਐੱਸਪੀ ਨਿਹਾਲ ਸਿੰਘ ਵਾਲਾ ਅਨਵਰ ਅਲੀ ਪੁਲਸ ਟੀਮ ਸਮੇਤ ਹਸਪਤਾਲ ਪਹੁੰਚੇ ਅਤੇ ਪੀੜਤ ਕੁੜੀ ਦਾ ਹਾਲ-ਚਾਲ ਪੁੱਛਿਆ। ਡੀਐੱਸਪੀ ਨੇ ਕਿਹਾ ਕਿ ਕੁੜੀ ਸਥਾਨਕ ਸਰਕਾਰੀ ਹਸਪਤਾਲ ਵਿਚ ਦਾਖ਼ਲ ਹੈ ਅਤੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਕੁੜੀ ਬਿਆਨ ਦੇਣ ਦੀ ਹਾਲਤ ਵਿਚ ਨਹੀਂ ਹੈ ਪਰ ਪੁਲਸ ਵੱਲੋਂ ਟੀਮਾਂ ਗਠਿਤ ਕਰਕੇ ਸ਼ੱਕੀ ਨੌਜਵਾਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *