ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਵਲੋਂ ਸੂਬੇ ਭਰ ’ਚ ਭੀਖ ਮੰਗ ਰਹੇ ਬੱਚਿਆਂ ਦਾ ਸ਼ੱਕ ਹੋਣ ’ਤੇ ਡੀਐੱਨਏ ਟੈਸਟ ਕਰਵਾਉਣ ਦੇ ਐਲਾਨ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਭਿਖਾਰੀਆਂ ਨੂੰ ਫੜਨਾ ਸ਼ੁਰੂ ਕਰ ਦਿੱਤਾ ਹੈ। ਦੋ ਦਿਨ ਪਹਿਲਾਂ ਥਾਣਾ ਰਣਜੀਤ ਐਵੇਨਿਊ ’ਚ ਇਕ ਮਹਿਲਾ ਭਿਖਾਰੀ ਖ਼ਿਲਾਫ਼ ਐੱਫਆਈਆਰ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਵੀਰਵਾਰ ਨੂੰ ਗੋਲਡਨ ਏਰੀਆ ’ਚ ਭੀਖ ਮੰਗ ਰਹੇ ਪੰਜ ਬੱਚਿਆਂ ਤੇ ਛੇ ਔਰਤਾਂ ਨੂੰ ਹਿਰਾਸਤ ’ਚ ਲਿਆ ਹੈ। ਇਸੇ ਤਰ੍ਹਾਂ ਮੋਹਾਲੀ ’ਚ ਵੀ ਚਾਈਲਡ ਵੈਲਫੇਅਰ ਅਫ਼ਸਰ ਨਵਪ੍ਰੀਤ ਕੌਰ ਦੀ ਅਗਵਾਈ ’ਚ ਪੁਲਿਸ ਟੀਮ ਨੇ ਭੀਖ ਮੰਗ ਰਹੇ 12 ਬੱਚਿਆਂ ਨੂੰ ਹਿਰਾਸਤ ’ਚ ਲਿਆ ਹੈ। ਇਨ੍ਹਾਂ ਦੇ ਮਾਤਾ-ਪਿਤਾ ਦਾ ਦਾਅਵਾ ਕਰਨ ਵਾਲਿਆਂ ਨੂੰ ਇਸ ਦੇ ਸਬੂਤ ਲਿਆਉਣ ਲਈ ਕਿਹਾ ਗਿਆ ਹੈ। ਖਾਸ ਗੱਲ ਇਹ ਹੈ ਕਿ ਅੰਮਿ੍ਤਸਰ ਤੇ ਮੋਹਾਲੀ ’ਚ ਭੀਖ ਮੰਗ ਰਹੇ ਸਾਰੇ ਬੱਚਿਆਂ ਦੀ ਉਮਰ ਤਿੰਨ ਤੋਂ 16 ਸਾਲ ਦੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਕੋਈ ਸਬੂਤ ਨਹੀਂ ਦੇ ਸਕੇ ਤਾਂ ਫਿਰ ਇਨ੍ਹਾਂ ਦਾ ਮਨਜ਼ੂਰੀ ਲੈਣ ਤੋਂ ਬਾਅਦ ਡੀਐੱਨਏ ਟੈਸਟ ਕਰਵਾਇਆ ਜਾਏਗਾ। ਡੀਐੱਨਏ ਰਿਪੋਰਟ ਤੋਂ ਪਤਾ ਲਗਾਇਆ ਜਾਏਗਾ ਕਿ ਜਿਹੜੇ ਬੱਚੇ ਭੀਖ ਮੰਗ ਰਹੇ ਹਨ ਉਹ ਅਸਲ ’ਚ ਇਨ੍ਹਾਂ ਦੇ ਹਨ ਜਾਂ ਮਨੁੱਖੀ ਤਸਕਰੀ ਰਾਹੀਂ ਇੱਥੇ ਭੇਜੇ ਗਏ ਹਨ।
ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪਿਛਲੇ ਦਿਨੀਂ ਪੰਜ ਵੱਡੇ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੁਹਾਲੀ ਅਤੇ ਬਠਿੰਡਾ ’ਚ ‘ਪ੍ਰਾਜੈਕਟ ਸਮਾਈਲ’ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਪ੍ਰਾਜੈਕਟ ਤਹਿਤ ਚੌਕਾਂ, ਸੜਕਾਂ ਅਤੇ ਬਾਜ਼ਾਰਾਂ ’ਚ ਭੀਖ ਮੰਗਣ ਵਾਲੇ ਬੱਚਿਆਂ ਦੇ ਡੀਐੱਨਏ ਟੈਸਟ ਕਰਵਾਏ ਜਾਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਬੱਚੇ ਕਿਸ ਪਰਿਵਾਰ ਨਾਲ ਸਬੰਧਤ ਹਨ ਅਤੇ ਬਾਲ ਤਸਕਰੀ ਜਾਂ ਮਨੁੱਖੀ ਤਸਕਰੀ ਦੇ ਵਪਾਰ ਦੇ ਮਾਮਲਿਆਂ ਨੂੰ ਨੱਥ ਪਾਈ ਜਾ ਸਕੇ।
ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ,’ਇਹ ਕਦਮ ਮਾਸੂਮ ਜਾਨਾਂ ਬਚਾਉਣ ਅਤੇ ਇਹ ਯਕੀਨੀ ਬਣਾਉਣ ਲਈ ਜ਼ਰੂਰੀ ਸੀ। ਸਰਪ੍ਰਸਤੀ ਦੇ ਪਰਛਾਵੇਂ ਵਿੱਚ ਕਿਸੇ ਵੀ ਬੱਚੇ ਦਾ ਸ਼ੋਸ਼ਣ ਜਾਂ ਤਸਕਰੀ ਨਾ ਕੀਤੀ ਜਾਵੇ। ਇਸ ਤੋਂ ਪਹਿਲਾਂ, ਰਾਜ ਸਰਕਾਰ ਨੇ ਰਾਜ ਭਰ ਦੇ ਡਿਪਟੀ ਕਮਿਸ਼ਨਰਾਂ (ਡੀਸੀ) ਨੂੰ ਸੜਕਾਂ ‘ਤੇ ਭੀਖ ਮੰਗਦੇ ਬੱਚਿਆਂ ਦੇ ਡੀਐਨਏ ਟੈਸਟ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ। ਇਹ ਹੁਕਮ ਸਮਾਜਿਕ ਸੁਰੱਖਿਆ (ਮਹਿਲਾ ਅਤੇ ਬਾਲ ਭਲਾਈ) ਡਾਇਰੈਕਟੋਰੇਟ ਦੁਆਰਾ ਪ੍ਰੋਜੈਕਟ ਜੀਵਨਜੋਤ-2 ਦੇ ਤਹਿਤ ਜਾਰੀ ਕੀਤੇ ਗਏ ਸਨ।’
ਅੰਮਿ੍ਤਸਰ ਦੀ ਗੱਲ ਕਹੀਏ ਤਾਂ ਇੱਥੇ ਬਾਲ ਭਿਖਾਰੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅੰਮਿ੍ਰਤਸਰ ਦੇ ਪਾਸ਼ ਇਲਾਕਿਆਂ ’ਚ ਕਈ ਔਰਤਾਂ ਅਜਿਹੀਆਂ ਹਨ ਜਿਨ੍ਹਾਂ ਦੀ ਗੋਦ ਵਿਚ ਜਿਹੜੇ ਬੱਚੇ ਹਨ ਉਹ ਕਿਸੇ ਵੀ ਤਰ੍ਹਾਂ ਨਾਲ ਉਨ੍ਹਾਂ ਦੇ ਨਹੀਂ ਲੱਗਦੇ। ਸਮਾਜਿਕ ਭਲਾਈ ਵਿਭਾਗ ਦੇ ਅੰਕੜਿਆਂ ਦੀ ਮੰਨੀਏ ਤਾਂ ਅੰਮਿ੍ਰਤਸਰ ’ਚ 600 ਭਿਖਾਰੀ ਹਨ ਜਦਕਿ ਅਸਲ ’ਚ ਇਨ੍ਹਾਂ ਦੀ ਗਿਣਤੀ 1500 ਤੋਂ ਦੋ ਹਜ਼ਾਰ ਤੱਕ ਮੰਨੀ ਜਾ ਰਹੀ ਹੈ। ਜ਼ਿਆਦਾਤਰ ਭਿਖਾਰੀ ਰੇਲਵੇ ਸਟੇਸ਼ਨ, ਹਾਲ ਗੇਟ, ਬੱਸ ਸਟੈਂਡ, ਸ੍ਰੀ ਹਰਿਮੰਦਰ ਸਾਹਿਬ ਦੇ ਆਸਪਾਸ, ਸ੍ਰੀ ਦੁਰਗਿਆਨਾ ਮੰਦਰ, ਲਾਰੈਂਸ ਰੋਡ, ਰਣਜੀਤ ਐਵੇਨਿਊ ਆਦਿ ਖੇਤਰਾਂ ’ਚ ਘੁੰਮਦੇ ਹਨ। ਅੰਮਿ੍ਰਤਸਰ ਤੇ ਮੋਹਾਲੀ ’ਚ ਫੜੇ ਗਏ ਬੱਚਿਆਂ ਤੇ ਔਰਤਾਂ ਨੂੰ ਬਾਲ ਸੁਧਾਰ ਘਰ ’ਚ ਰੱਖਿਆ ਗਿਆ ਹੈ।
