ਸਵੇਰੇ-ਸਵੇਰੇ ਗੋਲੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ, ਐਨਕਾਊਂਟਰ ‘ਚ ਬਦਮਾਸ਼ ਢੇਰ

ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਦੇ ਹਲਕਾ ਬਾਬਾ ਬਕਾਲਾ ਦੇ ਅਧੀਨ ਪਿੰਡ ਰਈਆ ਨੇੜੇ ਅੱਜ ਸਵੇਰੇ ਪੁਲਸ ਅਤੇ ਬਦਮਾਸ਼ਾਂ ਦੇ ਵਿਚਕਾਰ ਤਣਾਅਪੂਰਨ ਮੁੱਠਭੇੜ ਹੋਈ। ਪਿਛਲੇ ਦਿਨਾਂ ਪਿੰਡ ਧੂਲਕਾ ਵਿੱਚ 50 ਲੱਖ ਦੀ ਫ਼ਰੌਤੀ ਦੀ ਮੰਗ ਨਾ ਮੰਨਣ ‘ਤੇ ਇੱਕ ਦੁਕਾਨਦਾਰ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ। ਇਸ ਗੰਭੀਰ ਮਾਮਲੇ ਤੋਂ ਬਾਅਦ ਪੁਲਸ ਵੱਲੋਂ ਦੋਸ਼ੀਆਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਅਤੇ ਨਾਕਾਬੰਦੀ ਕੀਤੀ ਜਾ ਰਹੀ ਸੀ।

ਪੁਲਸ ਨੂੰ ਅੱਜ ਗੁਪਤ ਸੂਚਨਾ ਮਿਲੀ ਕਿ ਦੋਸ਼ੀ ਰਈਆ ਨਹਿਰ ਦੇ ਨੇੜੇ ਮੌਜੂਦ ਹਨ, ਜਿਸ ਤੋਂ ਬਾਅਦ ਪੁਲਸ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ। ਪੁਲਸ ਟੀਮ ਜਦ ਮੌਕੇ ‘ਤੇ ਪਹੁੰਚੀ ਅਤੇ ਦੋਸ਼ੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵੱਲੋਂ ਅਚਾਨਕ ਪੁਲਸ ‘ਤੇ ਫਾਇਰਿੰਗ ਕਰ ਦਿੱਤੀ ਗਈ। ਪੁਲਸ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਮੌਕੇ ‘ਤੇ ਹੀ ਫਾਇਰਿੰਗ ਕੀਤੀ।

ਫਾਇਰਿੰਗ ਦੌਰਾਨ ਦੋਵਾਂ ਦੋਸ਼ੀਆਂ ਨੂੰ ਗੋਲੀਆਂ ਲੱਗੀਆਂ। ਇੱਕ ਨੌਜਵਾਨ ਦੀ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਤੁਰੰਤ ਅੰਮ੍ਰਿਤਸਰ ਹਸਪਤਾਲ ਭੇਜਿਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਰਾਜਾ ਬਿੱਲਾ, ਰਹਿਣ ਵਾਲਾ ਤਰਨ ਤਾਰਨ ਵਜੋਂ ਹੋਈ ਹੈ। ਦੂਜੇ ਨੌਜਵਾਨ ਨੂੰ ਪੁਲਸ ਨੇ ਮੌਕੇ ‘ਤੇ ਹੀ ਕਾਬੂ ਕਰ ਲਿਆ, ਜੋ ਅੰਮ੍ਰਿਤਸਰ ਕ੍ਰਿਸ਼ਨਾ ਨਗਰ ਦਾ ਰਹਿਣ ਵਾਲਾ ਹੈ।

ਇਸ ਮੁੱਠਭੇੜ ਦੌਰਾਨ ਇੱਕ ਪੁਲਸ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ, ਜਿਸਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਸ ਅਧਿਕਾਰੀਆਂ ਅਨੁਸਾਰ, ਇਹ ਕਾਰਵਾਈ ਹਾਲ ਹੀ ਵਿੱਚ ਹੋਏ ਫਿਰੌਤੀ ਅਤੇ ਕਤਲ ਮਾਮਲੇ ਨੂੰ ਸੁਲਝਾਉਣ ਲਈ ਮਹੱਤਵਪੂਰਨ ਕਦਮ ਹੈ। ਡੀ. ਆਈ. ਜੀ. ਬਾਰਡਰ ਰੇਂਜ ਸੰਦੀਪ ਗੋਯਲ ਨੇ ਦੱਸਿਆ ਕਿ ਪੁਲਸ ਵੱਲੋਂ ਲਗਾਤਾਰ ਕ੍ਰਿਮਿਨਲ ਤੱਤਾਂ ਖ਼ਿਲਾਫ਼ ਕਾਰਵਾਈ ਚੱਲ ਰਹੀ ਹੈ ਅਤੇ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਗੈਂਗ ਦੇ ਬਾਕੀ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

By Gurpreet Singh

Leave a Reply

Your email address will not be published. Required fields are marked *