ਪੰਜਾਬ ਦੀ ਧੀ ਇੰਗਲੈਂਡ ‘ਚ ਬਣੀ ਜੂਨੀਅਰ ਸਿਹਤ ਮੰਤਰੀ

ਰਾਜੀਵ ਸ਼ਰਮਾ :- ਪੰਜਾਬ ਦੀ ਧੀ ਪ੍ਰੀਤ ਕੌਰ ਗਿੱਲ ਨੇ ਇੰਗਲੈਂਡ ‘ਚ ਜੂਨੀਅਰ ਸਿਹਤ ਮੰਤਰੀ ਬਣ ਕੇ ਪੰਜਾਬ ਅਤੇ ਪੰਜਾਬੀਆਂ ਦੇ ਮਾਣ ‘ਚ ਵਾਧਾ ਕੀਤਾ ਹੈ। ਦੱਸ ਦਈਏ ਕਿ ਹਾਲ ਹੀ ‘ਚ ਇੰਗਲੈਂਡ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਆਪਣੀ ਕੈਬਨਿਟ ‘ਚ ਫੇਰਬਦਲ ਕਰਦਿਆਂ ਪ੍ਰੀਤ ਕੌਰ ਗਿੱਲ ਨੂੰ ਆਪਣੀ ਕੈਬਨਿਟ ‘ਚ ਥਾਂ ਦਿੱਤੀ ਹੈ ਅਤੇ ਉਨ੍ਹਾਂ ਨੂੰ ਜੂਨੀਅਰ ਸਿਹਤ ਮੰਤਰੀ ਬਣਾਇਆ ਹੈ।

ਉਹ ਬ੍ਰਿਟੇਨ ਦੀ ਰਾਜਨੀਤੀ ਵਿੱਚ ਪੰਜਾਬੀ ਭਾਈਚਾਰੇ ਦੀ ਇੱਕ ਮਜ਼ਬੂਤ ਆਵਾਜ਼ ਮੰਨੀ ਜਾਂਦੀ ਹੈ। ਪ੍ਰੀਤ ਕੌਰ ਗਿੱਲ ਪਹਿਲਾਂ ਵੀ ਕਈ ਮਹੱਤਵਪੂਰਨ ਅਹੁਦਿਆਂ ‘ਤੇ ਰਹਿ ਚੁੱਕੀ ਹੈ। ਉਹ ਲੰਬੇ ਸਮੇਂ ਤੋਂ ਯੂਕੇ ਦੀ ਰਾਜਨੀਤੀ ਵਿੱਚ ਸਰਗਰਮ ਹੈ। ਉਸਨੇ ਆਪਣਾ ਰਾਜਨੀਤਿਕ ਕਰੀਅਰ ਕੌਂਸਲਰ ਵਜੋਂ ਸ਼ੁਰੂ ਕੀਤਾ ਸੀ ਅਤੇ 2012 ਵਿੱਚ ਪਹਿਲੀ ਵਾਰ ਲੇਬਰ ਪਾਰਟੀ ਦੀ ਟਿਕਟ ‘ਤੇ ਕੌਂਸਲਰ ਬਣੀ ਸੀ। ਜੂਨ 2017 ਦੀਆਂ ਆਮ ਚੋਣਾਂ ਵਿੱਚ, ਉਹ ਲੇਬਰ ਪਾਰਟੀ ਦੀ ਟਿਕਟ ‘ਤੇ ਬਰਮਿੰਘਮ ਐਜਬੈਸਟਨ ਲਈ ਪਹਿਲੀ ਮਹਿਲਾ ਬ੍ਰਿਟਿਸ਼ ਸਿੱਖ ਸੰਸਦ ਮੈਂਬਰ ਵਜੋਂ ਚੁਣੀ ਗਈ। ਉਹ ਬ੍ਰਿਟਿਸ਼ ਇਤਿਹਾਸ ਵਿੱਚ ਪਹਿਲੀ ਮਹਿਲਾ ਬ੍ਰਿਟਿਸ਼ ਸਿੱਖ ਸੰਸਦ ਮੈਂਬਰ ਬਣੀ ਸੀ। ਉਹ 2019 ਅਤੇ 2024 ਦੀਆਂ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਦੁਬਾਰਾ ਚੁਣੀ ਗਈ।

ਦੱਸ ਦਈਏ ਕਿ ਪ੍ਰੀਤ ਕੌਰ ਗਿੱਲ ਦੇ ਪਰਿਵਾਰ ਦਾ ਪਿਛੋਕੜ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਖੇੜਾ ਤੋਂ ਹੈ। ਉਨ੍ਹਾਂ ਦੇ ਪਿਤਾ, ਦਲਜੀਤ ਸਿੰਘ ਸ਼ੇਰਗਿੱਲ, 1962 ਵਿੱਚ ਯੂਕੇ ਚਲੇ ਗਏ ਸਨ। ਪ੍ਰੀਤ ਕੌਰ ਗਿੱਲ ਦਾ ਜਨਮ ਵੀ 1972 ਵਿੱਚ ਯੂਕੇ ਦੇ ਬਰਮਿੰਘਮ ਵਿੱਚ ਹੋਇਆ ਸੀ।

By Rajeev Sharma

Leave a Reply

Your email address will not be published. Required fields are marked *