ਮਹਿਲਾਵਾਂ ਲਈ ਪੰਜਾਬ ਦੀ ਪਹਿਲੀ ‘ਸ਼ੀ ਰਨਜ਼-2026’ ਮੈਰਾਥਨ 9 ਸਤੰਬਰ ਨੂੰ ਮੌੜ ’ਚ

ਬਠਿੰਡਾ, 8 ਸਤੰਬਰ (ਗੁਰਪ੍ਰੀਤ ਸਿੰਘ) : ਪੰਜਾਬ ਮਹਿਲਾ ਕਮਿਸ਼ਨ ਵੱਲੋਂ 9 ਸਤੰਬਰ ਨੂੰ ਮੌੜ ਵਿਖੇ ਸ਼ੀ ਰਨਜ਼-2026 ਮੈਰਾਥਨ ਕਰਵਾਈ ਜਾ ਰਹੀ ਹੈ। ਇਹ ਸੂਬੇ ਵਿੱਚ ਆਪਣੀ ਕਿਸਮ ਦੀ ਪਹਿਲੀ ਵਿਸ਼ੇਸ਼ ਤੌਰ ’ਤੇ ਮਹਿਲਾਵਾਂ ਲਈ ਕਰਵਾਈ ਜਾ ਰਹੀ ਮੈਰਾਥਨ ਹੈ, ਜਿਸ ਦਾ ਮੁੱਖ ਮੰਤਵ ਗੁਣਵੱਤਾ, ਸਿਹਤ ਅਤੇ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨਾ ਹੈ।

ਇਹ ਜਾਣਕਾਰੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ। ਇਸ ਮੌਕੇ ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸ੍ਰੀ ਨੀਲ ਗਰਗ ਵੀ ਮੌਜੂਦ ਸਨ।

ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਕਿਹਾ ਕਿ ਇਹ ਮੈਰਾਥਨ ਪੰਜਾਬ ਸਰਕਾਰ ਦੀਆਂ ਮਹਿਲਾਵਾਂ ਦੇ ਅਕਸ ਨੂੰ ਉੱਚਾ ਚੁੱਕਣ ਅਤੇ ਉਨ੍ਹਾਂ ਨੂੰ ਸਮਾਜ ਵਿੱਚ ਬਰਾਬਰ ਦਾ ਦਰਜਾ ਦੇਣ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੀ ਹੈ। ਉਨ੍ਹਾਂ ਕਿਹਾ ਕਿ ਮੌੜ ਮੰਡੀ ਦੀ ਦਾਣਾ ਮੰਡੀ ਵਿਖੇ 9 ਸਤੰਬਰ ਨੂੰ ਸਵੇਰੇ 6:30 ਵਜੇ 2.5 ਕਿਲੋਮੀਟਰ ਲੰਬੀ ਮੈਰਾਥਨ ਕਰਵਾਈ ਜਾਵੇਗੀ, ਜਿਸ ਵਿੱਚ ਹਰ ਉਮਰ ਵਰਗ ਦੀਆਂ ਮਹਿਲਾਵਾਂ ਭਾਗ ਲੈਣਗੀਆਂ।

ਮੈਡਮ ਗਿੱਲ ਨੇ ਕਿਹਾ ਕਿ ਇਸ ਮੈਰਾਥਨ ਵਿੱਚ ਸਿਰਫ਼ ਮਹਿਲਾਵਾਂ ਹੀ ਨਹੀਂ, ਸਗੋਂ ਪਿਤਾ, ਭਰਾ ਅਤੇ ਪਤੀ ਦੇ ਰੂਪ ਵਿੱਚ ਪੁਰਸ਼ ਵੀ ਮਹਿਲਾਵਾਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਇਸ ਦਾ ਹਿੱਸਾ ਬਣਨਗੇ। ਉਨ੍ਹਾਂ ਦੱਸਿਆ ਕਿ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਨੂੰ ਇੱਕ ਮੰਚ ’ਤੇ ਇਕੱਠਾ ਕਰਨ ਲਈ ਇਹ ਮੈਰਾਥਨ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਰਵਾਈ ਜਾਵੇਗੀ। ਉਨ੍ਹਾਂ ਸਮਾਜ ਦੇ ਸਾਰੇ ਵਰਗਾਂ ਨੂੰ ਇਸ ਸਮਾਗਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ।

By Gurpreet Singh

Leave a Reply

Your email address will not be published. Required fields are marked *