ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿਚ ਆਏ ਹੜ੍ਹਾਂ ਦੇ ਮੱਦੇਨਜ਼ਰ ਰਿਲਾਇੰਸ ਨੇ ਸੂਬੇ ’ਚ ਦਸ-ਨੁਕਾਤੀ ਮਨੁੱਖੀ ਰਾਹਤ ਮੁਹਿੰਮ ਸ਼ੁਰੂ ਕੀਤੀ ਹੈ। ਰਿਲਾਇੰਸ ਦੀਆਂ ਟੀਮਾਂ ਸੂਬੇ ਦੇ ਸਭ ਤੋਂ ਪ੍ਰਭਾਵਿਤ ਪਿੰਡਾਂ ਦੇ 10 ਹਜ਼ਾਰ ਤੋਂ ਵੱਧ ਪਰਿਵਾਰਾਂ ਤੱਕ ਮਦਦ ਪਹੁੰਚਾ ਰਹੀਆਂ ਹਨ। ਸੂਬਾਈ ਪ੍ਰਸ਼ਾਸਨ, ਪੰਚਾਇਤਾਂ ਤੇ ਸਥਾਨਕ ਹਿੱਸੇਦਾਰਾਂ ਨਾਲ ਮਿਲ ਕੇ ਰਿਲਾਇੰਸ ਦੀਆਂ ਟੀਮਾਂ ਅੰਮ੍ਰਿਤਸਰ ਤੇ ਸੁਲਤਾਨਪੁਰ ਲੋਧੀ ਦੇ ਸਭ ਤੋਂ ਪ੍ਰਭਾਵਿਤ ਪਿੰਡਾਂ ਵਿੱਚ ਤੁਰੰਤ ਸਹਾਇਤਾ ਪਹੁੰਚਾ ਰਹੀਆਂ ਹਨ।
ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਦੇ ਡਾਇਰੈਕਟਰ ਅਨੰਤ ਅੰਬਾਨੀ ਨੇ ਕਿਹਾ ਕਿ ਇਸ ਔਖੀ ਘੜੀ ’ਚ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹੇ ਹਾਂ। ਜਿਨ੍ਹਾਂ ਪਰਿਵਾਰਾਂ ਨੇ ਘਰ, ਰੁਜ਼ਗਾਰ ਤੇ ਸੁਰੱਖਿਆ ਦੀ ਭਾਵਨਾ ਗੁਆ ਦਿੱਤੀ ਹੈ, ਪੂਰਾ ਰਿਲਾਇੰਸ ਪਰਿਵਾਰ ਉਨ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਭੋਜਨ, ਪਾਣੀ, ਸ਼ੈਲਟਰ ਕਿੱਟਾਂ ਤੇ ਮਨੁੱਖਾਂ ਦੇ ਨਾਲ-ਨਾਲ ਪਸ਼ੂਆਂ ਦੀ ਦੇਖਭਾਲ ਮੁਹੱਈਆ ਕਰਵਾ ਰਿਹਾ ਹੈ। ਇਹ ਦਸ-ਨੁਕਾਤੀ ਯੋਜਨਾ ਸਾਡੇ ਇਸ ਵਿਸ਼ਵਾਸ ਨੂੰ ਦਰਸਾਉਂਦੀ ਹੈ ਕਿ ਅਸੀਂ ਇਸ ਔਖੇ ਸਮੇਂ ਵਿਚ ਪੰਜਾਬ ਨਾਲ ਕਦਮ ਮਿਲਾ ਕੇ ਚਲਣ ਲਈ ਵਚਨਬੱਧ ਹਾਂ। ਇਸ ਪਹਿਲ ਤਹਿਤ 10 ਹਜ਼ਾਰ ਪ੍ਰਭਾਵਿਤ ਪਰਿਵਾਰਾਂ ਲਈ ਜ਼ਰੂਰੀ ਖ਼ੁਰਾਕੀ ਸਾਮਾਨ ਵਾਲੀਆਂ ਸੁੱਕੀਆਂ ਰਾਸ਼ਣ ਕਿੱਟਾਂ ਭੇਜੀਆਂ ਗਈਆਂ ਹਨ। 1,000 ਕਮਜ਼ੋਰ ਪਰਿਵਾਰਾਂ (ਖ਼ਾਸ ਕਰ ਕੇ ਇਕੱਲੀਆਂ ਔਰਤਾਂ ਤੇ ਬਜ਼ੁਰਗਾਂ ਵੱਲੋਂ ਚਲਾਏ ਜਾਂਦੇ ਪਰਿਵਾਰਾਂ) ਲਈ ਪੰਜ ਹਜ਼ਾਰ ਮੁੱਲ ਦੇ ਵਾਊਚਰ ਦਿੱਤੇ ਗਏ ਹਨ। ਕਮਿਊਨਿਟੀ ਕਿਚਨਾਂ ਲਈ ਸੁੱਕਾ ਰਾਸ਼ਣ ਭੇਜਿਆ ਗਿਆ ਹੈ ਤਾਂ ਜੋ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਭੋਜਨ ਮਿਲ ਸਕੇ।
ਜਲ ਭਰਾਅ ਵਾਲੇ ਖੇਤਰਾਂ ਵਿੱਚ ਸੁਰੱਖਿਅਤ ਪੀਣ ਵਾਲਾ ਪਾਣੀ ਯਕੀਨੀ ਬਣਾਉਣ ਲਈ ਪੋਰਟੇਬਲ ਵਾਟਰ ਫਿਲਟਰ ਲਗਾਏ ਗਏ ਹਨ। ਬੇਘਰ ਪਰਿਵਾਰਾਂ ਲਈ ਐਮਰਜੈਂਸੀ ਸ਼ੈਲਟਰ ਕਿੱਟਾਂ, ਤਿਰਪਾਲ, ਗਰਾਊਂਡਸ਼ੀਟ, ਮੱਛਰਦਾਨੀ, ਰੱਸੀਆਂ ਤੇ ਬਿਸਤਰੇ ਦਿੱਤੇ ਗਏ ਹਨ। ਹੜ੍ਹਾਂ ਤੋਂ ਬਾਅਦ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਸਿਹਤ ਜਾਗਰੂਕਤਾ ਸੈਸ਼ਨ ਤੇ ਜਲ ਸਰੋਤਾਂ ਦੀ ਸਫਾਈ ਕਰਵਾਈ ਜਾ ਰਹੀ ਹੈ। ਹਰ ਪ੍ਰਭਾਵਿਤ ਪਰਿਵਾਰ ਨੂੰ ਸਫ਼ਾਈ ਕਿੱਟਾਂ ਵੰਡੀਆਂ ਜਾ ਰਹੀਆਂ ਹਨ। ਪਸ਼ੂ-ਚਿਕਿਤਸਾ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਜਲ ਭਰਾਅ ਕਾਰਨ ਪਸ਼ੂ ਗੰਭੀਰ ਸੰਕਟ ਵਿੱਚ ਹਨ; ਇਸ ਲਈ ਪਹਿਲ ਦੇ ਆਧਾਰ ’ਤੇ ਰਿਲਾਇੰਸ ਫਾਊਂਡੇਸ਼ਨ ਤੇ ਵੰਤਾਰਾ ਪਸ਼ੂ ਪਾਲਣ ਵਿਭਾਗ ਨਾਲ ਮਿਲ ਕੇ ਪਸ਼ੂ ਕੈਂਪ ਸੈੱਟਅਪ ਕਰ ਰਹੇ ਹਨ। ਇੱਥੇ ਦਵਾਈਆਂ, ਟੀਕੇ ਤੇ ਦੇਖਭਾਲ ਦਿੱਤੀ ਜਾ ਰਹੀ ਹੈ। ਲਗਭਗ ਪੰਜ ਹਜ਼ਾਰ ਮਵੇਸ਼ੀਆਂ ਲਈ 3,000 ਸਾਇਲਿਜ਼ ਬੰਡਲ (ਪਸ਼ੂ ਚਾਰਾ) ਵੰਡਿਆ ਜਾ ਰਿਹਾ। ਵੰਤਾਰਾ ਦੀ 50 ਤੋਂ ਵੱਧ ਮਾਹਰਾਂ ਦੀ ਟੀਮ ਆਧੁਨਿਕ ਸੰਦਾਂ ਨਾਲ ਬਚਾਏ ਗਏ ਪਸ਼ੂਆਂ ਦਾ ਇਲਾਜ ਕਰ ਰਹੀ ਹੈ।
ਸਾਂਝੀ ਸਹਿਕਾਰਤਾ ਤੇ ਤਕਨੀਕੀ ਮਦਦ
ਰਿਲਾਇੰਸ ਦੀਆਂ ਟੀਮਾਂ ਜ਼ਿਲ੍ਹਾ ਪ੍ਰਸ਼ਾਸਨ, ਪਸ਼ੂ ਪਾਲਣ ਵਿਭਾਗ ਤੇ ਪੰਚਾਇਤਾਂ ਨਾਲ ਮਿਲ ਕੇ 24 ਘੰਟੇ ਰਾਹਤ ਦੇ ਕੰਮ ’ਚ ਲੱਗੀਆਂ ਹੋਈਆਂ ਹਨ, ਨਾਲ ਹੀ ਮੱਧ-ਅਵਧੀ ਪੁਨਰਵਾਸ ਯੋਜਨਾਵਾਂ ਵੀ ਤਿਆਰ ਕਰ ਰਹੀਆਂ ਹਨ। ਜਿਓ ਪੰਜਾਬ ਟੀਮ ਨੇ ਐੱਨਡੀਆਰਐੱਫ ਨਾਲ ਮਿਲ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਨੈੱਟਵਰਕ ਦੁਬਾਰਾ ਚਾਲੂ ਕੀਤਾ ਅਤੇ ਸੂਬੇ ਵਿਚ 100 ਫ਼ੀਸਦੀ ਭਰੋਸੇਮੰਦ ਕੁਨੈਕਟੀਵਿਟੀ ਯਕੀਨੀ ਬਣਾਈ ਹੈ। ਰਿਲਾਇੰਸ ਰਿਟੇਲ ਟੀਮ ਤੇ ਰਿਲਾਇੰਸ ਫਾਊਂਡੇਸ਼ਨ ਸੇਵਾਦਾਰਾਂ ਨਾਲ ਮਿਲ ਕੇ 21 ਜ਼ਰੂਰੀ ਸਾਮਾਨਾਂ ਵਾਲੀਆਂ ਖ਼ਾਸ ਤਿਆਰ ਕੀਤੀਆਂ ਰਾਸ਼ਣ ਅਤੇ ਸਫ਼ਾਈ ਕਿੱਟਾਂ ਪ੍ਰਭਾਵਿਤ ਪਰਿਵਾਰਾਂ ਤੱਕ ਪਹੁੰਚਾ ਰਹੇ ਹਨ। ਇਸ ਸੰਕਟ ਦੀ ਘੜੀ ਵਿਚ ਰਿਲਾਇੰਸ ਪੰਜਾਬ ਦੇ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ।
