ਡੇਰਾਬੱਸੀ, 15 ਫਰਵਰੀ (ਗੁਰਪ੍ਰੀਤ ਸਿੰਘ): ਸਿੱਖਿਆ ਵਿਭਾਗ ( ਸਕੂਲਜ਼) ਪੰਜਾਬ ਵੱਲੋਂ 52ਵੀਂ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਅਤੇ ਦੋ ਰੋਜ਼ਾ ਵਿਗਿਆਨ ਸੈਮੀਨਾਰ 2024-25 ’ਚ ਬਲਾਕ ਡੇਰਾਬੱਸੀ 2 ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਣੀ ਮਾਜਰਾ ਦੀ ਅੱਠਵੀਂ ਕਲਾਸ ਦੀ ਵਿਦਿਆਰਥਣ ਹੁਸਨ ਵੱਲੋਂ ਐਲੀਮੈਂਟਰੀ ਵਿੰਗ ’ਚ ਪ੍ਰਦਰਸ਼ਿਤ ਕੀਤੇ ‘ ਕੁਦਰਤੀ ਖੇਤੀਬਾੜੀ’ ਮਾਡਲ ਨੂੰ ਪਹਿਲਾ ਸਥਾਨ ਮਿਲਣ ’ਤੇ ਸਕੂਲ ’ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਹੁਸਨ ਇਸ ਤੋਂ ਪਹਿਲਾਂ ਜ਼ਿਲੇ ’ਚ ਪਹਿਲਾ ਸਥਾਨ ਪ੍ਰਾਪਤ ਕਰ ਚੁੱਕੀ ਹੈ। ਸਕੂਲ ਦੇ ਮੁੱਖ ਅਧਿਆਪਕਾ ਸ੍ਰੀਮਤੀ ਬਲਵਿੰਦਰ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਨ.ਸੀ.ਈ.ਆਰ.ਟੀ. ਅਤੇ ਐੱਸ.ਸੀ.ਈ.ਆਰ.ਟੀ. ਵੱਲੋਂ ਉਕਤ ਪ੍ਰਦਰਸ਼ਨੀ ਦਾ ਆਯੋਜਨ ਖਾਲਸਾ ਕਾਲਜ ਅੰਮਿ੍ਰਤਸਰ ਦੇ ਗਣਿਤ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਗਿਆ। ਪ੍ਰਦਰਸ਼ਨੀ ਦੇ ਮੁੱਖ ਵਿਸ਼ਾ ‘ ਭਵਿੱਖ ਦੇ ਟਿਕਾਊ ਵਿਕਾਸ ਵਿਚ ਵਿਗਿਆਨ ਅਤੇ ਤਕਨਾਲੋਜੀ ’ ਸੀ। ਜਿਸ ’ਚ ਪੰਜਾਬ ਦੇ ਸਾਰੇ ਜਿਲਿਆਂ ਵੱਲੋਂ ਭਾਗ ਲਿਆ ਗਿਆ।

ਉਨਾਂ ਦੱਸਿਆ ਕਿ ਹੁਸਨ ਦੀ ਇਸ ਪ੍ਰਾਪਤੀ ਪਿੱਛੇ ਸਕੂਲ ਦੀਆਂ ਸਾਇੰਸ ਅਧਿਆਪਕਾਵਾਂ ਕਮਲਦੀਪ ਕੌਰ ਅਤੇ ਪਰਵੀਨ ਕੌਰ ਦੀ ਸਖ਼ਤ ਮਿਹਨਤ ਹੈ। ਜੇਤੂ ਵਿਦਿਆਰਥਣ ਨੂੰ ਡਾ. ਅਰਵਿੰਦਰ ਕੌਰ ਕਾਹਲੋਂ, ਮੁੱਖ ਅਧਿਆਪਕਾ ਖਾਲਸਾ ਕਾਲਜ ਅੰਮ੍ਰਿਤਸਰ, ਸ. ਹਰਭਗਵੰਤ ਸਿੰਘ ਜ਼ਿਲਾ ਸਿੱਖਿਆ ਅਫ਼ਸਰ( ਸੈ.ਸਿ.) ਅੰਮ੍ਰਿਤਸਰ ਅਤੇ ਡਾ. ਰਮਿੰਦਰਜੀਤ ਕੌਰ ਸਟੇਟ ਰਿਸੋਰਸ ਪਰਸਨ (ਸਾਇੰਸ) ਨੇ ਸ਼ੀਲਡ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
ਉਕਤ ਮਾਡਲ ਨੂੰ ਤਿਆਰ ਕਰਨ ’ਚ ਸਕੂਲ ਦੇ ਵਿਦਿਆਰਥੀ ਰਮਨ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਕੂਲ ਦੇ ਪਿ੍ਰੰਸੀਪਲ ਨੇ ਕਿਹਾ ਕਿ ਸਕੂਲ ਨੇ ਉਕਤ ਪ੍ਰਾਪਤੀ ਡਾ. ਗਿੰਨੀ ਦੁੱਗਲ, ਜ਼ਿਲਾ ਸਿੱਖਿਆ ਅਫਸਰ ( ਸੈ.ਸਿ) ਅਤੇ ਉਪ-ਜ਼ਿਲਾ ਸਿੱਖਿਆ ਅਫਸਰ (ਸੈ.ਸਿ) ਐੱਸ. ਏ. ਐੱਸ ਨਗਰ ਸ. ਅੰਗਰੇਜ ਸਿੰਘ ਦੀ ਸੁਯੋਗ ਅਗਵਾਈ ਸਦਕਾ ਹੀ ਜ਼ਿਲੇ ਦੇ ਇਸ ਸਕੂਲ ਦਾ ਨਾਂ ਰੋਸ਼ਨ ਹੋਇਆ ਹੈ।