ਗੁਰਪ੍ਰੀਤ ਸਿੰਘ :- ਪੁਲਸ ਜ਼ਿਲ੍ਹਾ ਬਟਾਲਾ ਦੇ ਥਾਣਾ ਘਣੀਏ ਕੇ ਬਾਂਗਰ ਅਧੀਨ ਆਉਂਦੇ ਪਿੰਡ ਪਾਰੋਵਾਲ ’ਚ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਆਗੂ ਭਾਈ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਪਾਰੋਵਾਲ ਵਿਖੇ ਅਗਨ ਭੇਟ ਹੋਏ ਗੁਟਕਾ ਸਾਹਿਬ ਮਿਲੇ ਹਨ। ਪਿੰਡ ਪਾਰੋਵਾਲ ਪਹੁੰਚਣ ’ਤੇ ਇਹ ਗੱਲ ਸਾਹਮਣੇ ਆਈ ਕਿ ਕਿਸੇ ਦੇ ਘਰ ਕੇਅਰਟੇਕਰ ਵਜੋਂ ਰਹਿੰਦੇ ਵਿਅਕਤੀ ਨੇ ਪਿੰਡ ਕੋਟਲੀ ਥਾਂਬਲਾਂ ਦੇ ਡੇਰੇ ਤੋਂ ਚਾਦਰਾਂ ’ਚ ਲਪੇਟ ਕੇ 2 ਸੁਖਮਨੀ ਸਾਹਿਬ, ਇਕ ਨਿਤਨੇਮ ਅਤੇ ਇਕ ਦੁੱਖ ਭੰਜਣੀ ਸਾਹਿਬ ਦਾ ਗੁਟਕਾ ਲਿਆਂਦਾ।
ਇਸ ਤੋਂ ਬਾਅਦ ਉਕਤ ਵਿਅਕਤੀ ਨੇ ਘਰ ਆ ਕੇ ਉਕਤ ਚਾਦਰਾਂ ਨੂੰ ਅੱਗ ਲਗਾ ਦਿੱਤੀ। ਪਿੰਡ ਧਵਾਣ ਦਾ ਇਕ ਵਿਅਕਤੀ ਪਿੰਡ ਪਾਰੋਵਾਲ ’ਚ ਇੱਟਾਂ ਲੈਣ ਆਇਆ ਸੀ ਅਤੇ ਉਸ ਨੇ ਦੇਖਿਆ ਕਿ ਅੱਧ-ਸੜੇ ਗੁਟਕਾ ਸਾਹਿਬ ਉੱਥੇ ਪਏ ਸਨ। ਭਾਈ ਨਿਸ਼ਾਨ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਉਨ੍ਹਾਂ ਚਾਦਰਾਂ ਵਿਚ ਦੋ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ, ਇਕ ਦੁੱਖ ਭੰਜਨੀ ਸਾਹਿਬ ਅਤੇ ਇਕ ਨਿਤਨੇਮ ਦਾ ਗੁਟਕਾ ਸਾਹਿਬ ਅੱਧੇ ਤੋਂ ਜ਼ਿਆਦਾ ਅਗਨ ਭੇਟ ਹੋਈ ਹਾਲਾਤ ਵਿਚ ਮਿਲੇ। ਇਸ ਸਬੰਧੀ ਉਨ੍ਹਾਂ ਥਾਣਾ ਘਣੀਏ ਕੇ ਬਾਂਗਰ ਦੀ ਪੁਲਸ ਨੂੰ ਸੂਚਿਤ ਕੀਤਾ ਅਤੇ ਬੇਅਦਬੀ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਸ ਹਵਾਲੇ ਕਰ ਦਿੱਤਾ ਹੈ।
ਜਦੋਂ ਉਕਤ ਘਟਨਾ ਸਬੰਧੀ ਥਾਣਾ ਘਣੀਏ ਕੇ ਬਾਂਗਰ ਦੀ ਮਹਿਲਾ ਐੱਸ. ਐੱਚ. ਓ. ਰਾਜਬੀਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਸਬੰਧੀ ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
