ਰਾਜੀਵ ਸ਼ਰਮਾ :- ਉੱਤਰਾਖੰਡ ਦੀ ਚਾਰਧਾਮ ਯਾਤਰਾ-2026 ਤਹਿਤ ਕੇਦਾਰਨਾਥ ਅਤੇ ਯਮੁਨੋਤਰੀ ਧਾਮ ਦੇ ਕਿਵਾੜ ਅੱਜ 11 ਨਵੰਬਰ ਨੂੰ ਸਰਦੀਆਂ ਦੇ ਮੌਸਮ ਲਈ ਬੰਦ ਕੀਤੇ ਜਾਣਗੇ। ਕੇਦਾਰਨਾਥ ਮੰਦਰ ਦੇ ਕਿਵਾੜ ਸਵੇਰੇ 8:30 ਵਜੇ ਪੂਰੀਆਂ ਧਾਰਮਿਕ ਰਸਮਾਂ ਅਤੇ ਵਿਧੀ-ਵਿਧਾਨ ਨਾਲ ਬੰਦ ਹੋਣਗੇ।
ਕਿਵਾੜ ਬੰਦ ਹੋਣ ਤੋਂ ਬਾਅਦ ਬਾਬਾ ਕੇਦਾਰ ਦੀ ਡੋਲੀ ਸਰਦੀਆਂ ਦੇ ਗੱਦੀ ਸਥਾਨ ਓਂਕਾਰੇਸ਼ਵਰ ਮੰਦਰ, ਊਖੀਮਠ ਲਈ ਰਵਾਨਾ ਹੋਵੇਗੀ। ਇਸ ਤੋਂ ਪਹਿਲਾਂ ਕੇਦਾਰਨਾਥ ਨਗਰ ਪੰਚਾਇਤ ਵੱਲੋਂ ਧਾਮ ਖੇਤਰ ਵਿੱਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ। ਇਸ ਦੌਰਾਨ ਮੰਦਰ ਕੰਪਲੈਕਸ ਅਤੇ ਆਲੇ-ਦੁਆਲੇ ਪਿਆ ਕੂੜਾ ਇਕੱਠਾ ਕਰਕੇ ਨੇੜਲੇ ਐੱਮਆਰਐੱਫ ਸੈਂਟਰ ਵਿੱਚ ਪਹੁੰਚਾਇਆ ਗਿਆ, ਜਿੱਥੇ ਇਸ ਨੂੰ ਵੱਖ-ਵੱਖ ਕਰਕੇ ਨਿਪਟਾਇਆ ਜਾਵੇਗਾ।
ਉੱਧਰ, ਗੰਗੋਤਰੀ ਧਾਮ ਦੇ ਕਿਵਾੜ ਸਰਦੀਆਂ ਲਈ ਬੰਦ ਹੋਣ ਤੋਂ ਬਾਅਦ ਮਾਂ ਗੰਗਾ ਦੀ ਪੂਜਾ ਹੁਣ ਉਨ੍ਹਾਂ ਦੇ ਪੇਕੇ ਪਿੰਡ ਮੁਖਬਾ ਵਿੱਚ ਹੋਵੇਗੀ। ਮਾਂ ਗੰਗਾ ਅਗਲੇ ਛੇ ਮਹੀਨਿਆਂ ਤੱਕ ਇੱਥੇ ਹੀ ਵਿਰਾਜਮਾਨ ਰਹਿ ਕੇ ਸ਼ਰਧਾਲੂਆਂ ਨੂੰ ਦਰਸ਼ਨ ਦੇਣਗੇ।
ਬੰਦ ਮੰਦਰ ਵਿੱਚ ਵੀ ਜਗਦੀ ਰਹੇਗੀ ਅਖੰਡ ਜੋਤ
ਗੰਗੋਤਰੀ ਮੰਦਰ ਦੇ ਕਿਵਾੜ ਬੰਦ ਹੋਣ ਦੇ ਬਾਵਜੂਦ ਉੱਥੇ ਅਖੰਡ ਜੋਤ ਲਗਾਤਾਰ ਜਗਦੀ ਰਹੇਗੀ। ਗੰਗੋਤਰੀ ਮੰਦਰ ਕਮੇਟੀ ਦੇ ਪ੍ਰਧਾਨ ਧਰਮਾਨੰਦ ਸੇਮਵਾਲ ਨੇ ਦੱਸਿਆ ਕਿ ਮੰਦਰ ਵਿੱਚ ਤਾਂਬੇ ਦਾ ਇੱਕ ਵਿਸ਼ਾਲ ਦੀਵਾ ਰੱਖਿਆ ਜਾਂਦਾ ਹੈ, ਜਿਸ ਵਿੱਚ ਲੋੜੀਂਦਾ ਤੇਲ ਭਰ ਕੇ ਅਖੰਡ ਜੋਤ ਜਗਾਈ ਜਾਂਦੀ ਹੈ। ਧਾਰਮਿਕ ਮਾਨਤਾ ਅਨੁਸਾਰ ਅਗਲੇ ਸਾਲ ਅਕਸ਼ੈ ਤ੍ਰਿਤੀਆ ਮੌਕੇ ਜਦੋਂ ਮੰਦਰ ਦੇ ਕਿਵਾੜ ਮੁੜ ਸ਼ਰਧਾਲੂਆਂ ਲਈ ਖੋਲ੍ਹੇ ਜਾਂਦੇ ਹਨ ਤਾਂ ਇਹ ਜੋਤ ਉਸ ਸਮੇਂ ਵੀ ਜਗਦੀ ਮਿਲਦੀ ਹੈ।
