‘ਸਾਧੂ ਬੋਲੇ ਸਹਿਜ ਸੁਭਾਅ, ਸਾਧ ਕਾ ਕਿਹਾ…’, ਹੁਣ ਸੁਨੀਲ ਜਾਖੜ ਦਾ CM ਮਾਨ ‘ਤੇ ਵੱਡਾ ਹਮਲਾ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਵਲੋਂ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ‘ਤੇ ਤੰਜ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਜਿੱਥੇ ਪਹਿਲਾਂ ਅਕਾਲੀ ਦਲ ਵਲੋਂ ਮੁੱਖ ਮੰਤਰੀ ਦੇ ਬਿਆਨ ‘ਤੇ ਪਲਟਵਾਰ ਕੀਤਾ ਗਿਆ ਸੀ, ਉੱਥੇ ਹੀ ਹੁਣ ਭਾਜਪਾ ਵੀ ਮੁੱਖ ਮੰਤਰੀ ਦੇ ਬਿਆਨ ਖ਼ਿਲਾਫ਼ ਉਤਰ ਆਈ ਹੈ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ‘ਤੇ ਤੰਜ ਨੂੰ ਲੈ ਕੇ ਮੁੱਖ ਮੰਤਰੀ ਮਾਨ ‘ਤੇ ਵੱਡਾ ਹਮਲਾ ਕੀਤਾ ਹੈ। ਸੁਨੀਲ ਜਾਖੜ ਨੇ ਐਕਸ ‘ਤੇ ਲਿਖਿਆ-‘ਸਾਧੂ ਬੋਲੇ ਸਹਿਜ ਸੁਭਾਅ, ਸਾਧ ਕਾ ਕਿਹਾ ਬਿਰਥਾ ਨਾਂ ਜਾਏ।’ ਇਨ੍ਹਾਂ ਲਾਈਨਾਂ ਦਾ ਮਤਲਬ ਹੈ ਕਿ ਜਿਹੜੇ ਸਾਧੂ ਹੁੰਦੇ ਹਨ, ਉਹ ਸਹਿਜ ਸੁਭਾਅ ਬੋਲਦੇ ਹਨ ਅਤੇ ਸਾਧੂ ਜੋ ਵੀ ਬੋਲਦੇ ਹਨ, ਉਨ੍ਹਾਂ ਦਾ ਵਚਨ ਬਿਰਥਾ (ਖ਼ਾਲੀ) ਨਹੀਂ ਜਾਂਦਾ। ਇਨ੍ਹਾਂ ਧਾਰਮਿਕ ਲਾਈਨਾਂ ਰਾਹੀਂ ਸੁਨੀਲ ਜਾਖੜ ਨੇ ਮੁੱਖ ਮੰਤਰੀ ਦੇ ਬਿਆਨ ‘ਤੇ ਪਲਟਵਾਰ ਕੀਤਾ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਦਾ ਵੀ ਬਿਆਨ ਸਾਹਮਣੇ ਆਇਆ ਹੈ ਕਿ ਮੁੱਖ ਮੰਤਰੀ ਮਾਨ ਨੂੰ ਬਾਬਾ ਗੁਰਿੰਦਰ ਸਿੰਘ ਢਿੱਲੋਂ ‘ਤੇ ਅਜਿਹਾ ਤੰਜ ਨਹੀਂ ਕੱਸਣਾ ਚਾਹੀਦਾ ਸੀ।
CM ਮਾਨ ਨੇ ਕੀ ਕੀਤਾ ਸੀ ਟਵੀਟ
ਮੁੱਖ ਮੰਤਰੀ ਮਾਨ ਨੇ ਅੱਜ ਸਵੇਰੇ ਸੋਸ਼ਲ ਮੀਡੀਆ ‘ਤੇ ਟਵੀਟ ਕੀਤਾ ਸੀ। ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਿਆ ਸੀ-‘ਕੱਲ੍ਹ ਬਣ ਜਾਣ, ਭਾਵੇਂ ਅੱਜ ਬਣ ਜਾਣ, ਅਦਾਲਤਾਂ ਦਾ ਓੱਥੇ ਰੱਬ ਰਾਖਾ, ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ’। ਇਸ ਤਰ੍ਹਾਂ ਮੁੱਖ ਮੰਤਰੀ ਨੇ ਅਸਿੱਧੇ ਤੌਰ ‘ਤੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਲੋਂ ਨਾਭਾ ਜੇਲ੍ਹ ‘ਚ ਮਜੀਠੀਆ ਨਾਲ ਮੁਲਾਕਾਤ ਅਤੇ ਮੁਲਾਕਾਤ ਮਗਰੋਂ ਬਾਹਰ ਆ ਕੇ ਡੇਰਾ ਮੁਖੀ ਵਲੋਂ ਦਿੱਤੇ ਗਏ ਬਿਆਨ ‘ਤੇ ਸ਼ਾਇਰਾਨਾ ਤੰਜ ਕੱਸਿਆ ਸੀ, ਜਿਸ ਤੋਂ ਬਾਅਦ ਉਹ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ।
ਬਾਬਾ ਗੁਰਿੰਦਰ ਢਿੱਲੋਂ ਨੇ ਕੀਤੀ ਸੀ ਮਜੀਠੀਆ ਨਾਲ ਮੁਲਾਕਾਤ
ਬੀਤੇ ਸੋਮਵਾਰ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਲੋਂ ਨਾਭਾ ਜੇਲ੍ਹ ‘ਚ ਬੰਦ ਬਿਕਰਮ ਮਜੀਠੀਆ ਨਾਲ ਮੁਲਾਕਾਤ ਕੀਤੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਵੱਡਾ ਬਿਆਨ ਦਿੱਤਾ ਸੀ ਕਿ ਮਜੀਠੀਆ ਮੇਰੇ ਦੋਸਤ ਅਤੇ ਰਿਸ਼ਤੇਦਾਰ ਹਨ। ਜੇਕਰ ਕੋਈ ਆਪਣਾ ਰਿਸ਼ਤੇਦਾਰ ਜੇਲ੍ਹ ‘ਚ ਹੋਵੇ ਤਾਂ ਕੀ ਉਸ ਨੂੰ ਮਿਲਣਾ ਨਹੀਂ ਚਾਹੀਦਾ। ਬਾਬਾ ਗੁਰਿੰਦਰ ਸਿੰਘ ਦੀ ਮਜੀਠੀਆ ਨਾਲ ਮੁਲਾਕਾਤ ਤੋਂ 20-25 ਮਿੰਟਾਂ ਬਾਅਦ ਹੀ ਸੁਪਰੀਮ ਕੋਰਟ ਵਲੋਂ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਗਈ।

By Gurpreet Singh

Leave a Reply

Your email address will not be published. Required fields are marked *