ਚੰਡੀਗੜ੍ਹ : ਅਮਰੀਕਾ ਤੋਂ ਡਿਪੋਰਟ ਹੋਕੇ ਆਏ ਗੈਰ ਪ੍ਰਵਾਸੀ ਭਾਰਤੀਆਂ ਨੂੰ ਲੈਕੇ ਲਗਾਤਾਰ ਪੰਜਾਬ ਵਿਚ ਲਗਾਤਾਰ ਰਾਜਨੀਤੀ ਚੱਲ ਰਹੀ ਹੈ। ਪਾਰਟੀਆਂ ਲਗਾਤਾਰ ਇਕ ਦੂਜੇ ‘ਤੇ ਨਿਸ਼ਾਨਾ ਸਾਧ ਰਹੀਆਂ ਹਨ। ਹੁਣ ਇਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਘੇਰਿਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿਚ ਉਨ੍ਹਾਂ ਨੇ CM ਮਾਨ ਤੋਂ ‘ਤੇ ਕਈ ਸਵਾਲ ਖੜ੍ਹੇ ਕੀਤੇ।
ਉਨ੍ਹਾਂ ਨੇ ਪੋਸਟ ਸਾਂਝੀ ਕਰਦੇ ਕਿਹਾ “ਭਗਵੰਤ ਮਾਨ ਅਤੇ ਉਨ੍ਹਾਂ ਦੀ ਕੈਬਿਨੇਟ ਨੌਜਵਾਨਾਂ ਦੀ ਡਿਪੋਰਟੇਸ਼ਨ ‘ਤੇ ਸਿਰਫ਼ ਲੋਕਾਂ ਨੂੰ ਖੁਸ਼ ਕਰਨ ਲਈ ਰਾਜਨੀਤੀ ਕਰ ਰਹੀ ਹੈ, ਪਰ ਜਦੋਂ ਗੱਲ ਸਿੱਖ ਨੌਜਵਾਨਾਂ ਨੂੰ ਨੰਗੇ ਸਿਰ, ਬਿਨਾ ਪੱਗ ਦੇ ਵਾਪਸ ਭੇਜਣ ਦੀ ਆਉਂਦੀ ਹੈ, ਤਾਂ ਉਹ ਪੂਰੀ ਤਰ੍ਹਾਂ ਚੁੱਪ ਹਨ।”
ਉਨ੍ਹਾਂ ਨੇ ਅੱਗੇ ਕਿਹਾ “ਪੰਜਾਬ ਸਰਕਾਰ ਨੂੰ ਨੌਜਵਾਨਾਂ ਦੀ ਧਾਰਮਿਕ ਪਛਾਣ ਦੀ ਬੇਇਜ਼ਤੀ ਦੀ ਕੋਈ ਫ਼ਿਕਰ ਨਹੀਂ? ਕਿਉਂਕਿ ਪਹਿਲਾਂ ਵੀ ਭਗਵੰਤ ਮਾਨ ਦਸਤਾਰ ਦੀ ਬੇਅਦਬੀ ਕਰਦਾ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਭਗਵੰਤ ਮਾਨ ਨੂੰ ਕਕਾਰਾਂ ਦੀ ਅਹਿਮੀਅਤ ਨਹੀਂ ਪਤਾ। ਮਾਨ ਸਾਬ, ਤੁਹਾਡੀ ਇਹ ਚੁੱਪ ਕਈ ਸਵਾਲ ਖੜ੍ਹੇ ਕਰਦੀ ਹੈ। ਕੀ ਇਹ ਤੁਹਾਡੀ ਰਾਜਨੀਤੀ। ਹੈ ? ਕੀ ਇਹ ਇਸ ਕਰਕੇ ਹੈ ਕਿ ਤੁਸੀਂ ਆਪਣੇ ਨਾਮ ‘ਚ ‘ਸਿੰਘ’ ਸ਼ਬਦ ਨਹੀਂ ਵਰਤਦੇ?”
ਉਨ੍ਹਾਂ ਇਹ ਵੀ ਕਿਹਾ “ਮੈਂ ਅਮਰੀਕੀ ਅਧਿਕਾਰੀਆਂ ਵੱਲੋਂ ਸਿੱਖ ਨੌਜਵਾਨਾਂ ਨੂੰ ਨੰਗੇ ਸਿਰ ਭੇਜਣ ਦੀ ਕੜੀ ਨਿੰਦਾ ਕਰਦਾ ਹਾਂ। ਇਹ ਸਿਰਫ਼ ਇੱਕ ਵਿਅਕਤੀ ਦੀ ਨਹੀਂ, ਸਾਰੇ ਸਿੱਖ ਸਮਾਜ ਦਾ ਅਪਮਾਨ ਹੈ।”
ਉਨ੍ਹਾਂ ਮੰਗ ਕੀਤੀ ਕਿ “ਸਾਡੀ ਮੰਗ ਹੈ ਕਿ ਵਿਦੇਸ਼ ਮੰਤਰਾਲਾ ਤੁਰੰਤ ਇਹ ਮਾਮਲਾ ਅਮਰੀਕਾ ਨਾਲ ਉਠਾਏ, ਤਾਂ ਜੋ ਭਵਿੱਖ ‘ਚ ਐਹੋ ਜਿਹੀ ਸ਼ਰਮਨਾਕ ਘਟਨਾ ਕਦੇ ਵੀ ਨਾ ਦੁਹਰਾਈ ਜਾਵੇ!”
