ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਦੇ ਛੇਹਰਟਾ ਥਾਣੇ ਦੇ ਅਧੀਨ ਆਉਂਦੇ ਰੇਗਰਪੁਰਾ ਇਲਾਕੇ ਤੋਂ ਸੋਨਾਲੀ ਨਾਂ ਦੀ 26 ਸਾਲਾ ਲੜਕੀ ਦੇ ਭੇਤਭਰੇ ਹਾਲਾਤਾਂ ਵਿੱਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸੋਨਾਲੀ ਛੇਹਰਟਾ ਬਾਜ਼ਾਰ ਵਿੱਚ ਸੈਲੂਨ ਚਲਾਉਂਦੀ ਸੀ ਅਤੇ 16 ਅਪ੍ਰੈਲ ਦੀ ਸ਼ਾਮ ਲਗਭਗ 7.30 ਵਜੇ ਘਰ ਆਉਂਦੇ ਹੋਏ ਅਚਾਨਕ ਗਾਇਬ ਹੋ ਗਈ।
ਸੋਨਾਲੀ ਦੀ ਭੈਣ ਸੋਨਮ ਅਨੁਸਾਰ, ਜਦੋਂ ਕਾਫੀ ਦੇਰ ਤੱਕ ਉਹ ਘਰ ਨਹੀਂ ਪਹੁੰਚੀ ਤਾਂ ਪਰਿਵਾਰ ਨੇ ਖੋਜ ਕੀਤੀ। ਦਕਾਨ ਤੋਂ ਪਤਾ ਲੱਗਿਆ ਕਿ ਸੋਨਾਲੀ ਤਿਆਰੀ ਦੇ ਬਾਅਦ ਘਰ ਨਿਕਲ ਚੁੱਕੀ ਸੀ। ਨੇੜਲੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਉਹ ਛੇਹਰਟਾ ਚੌਕ ਵੱਲ ਪੈਦਲ ਜਾਂਦੀ ਹੋਈ ਦਿਖੀ, ਪਰ ਉਸ ਤੋਂ ਅੱਗੇ ਕੋਈ ਪਤਾ ਨਹੀਂ ਲੱਗਿਆ।
ਸੋਨਮ ਦਾ ਕਹਿਣਾ ਹੈ ਕਿ ਸੋਨਾਲੀ ਦੀ ਆਪਣੇ ਸੈਲੂਨ ਵਿੱਚ ਕੰਮ ਕਰਦੀ ਇੱਕ ਹੋਰ ਕੁੜੀ ਨਾਲ ਝਗੜਾ ਹੋਇਆ ਸੀ ਜਿਸ ਕਰਕੇ ਉਸਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਫੋਨ ਰਿਕਾਰਡ ਤੋਂ ਪਤਾ ਲੱਗਿਆ ਕਿ ਸੋਨਾਲੀ ਨੂੰ ਲਾਪਤਾ ਹੋਣ ਤੋਂ ਪਹਿਲਾਂ ਉਸੇ ਲੜਕੀ ਦੇ ਘਰੋਂ ਕਈ ਕਾਲਾਂ ਆਈਆਂ ਸਨ। ਸੋਨਮ ਨੇ ਇਹ ਵੀ ਦੋਸ਼ ਲਾਏ ਕਿ ਪੁਲਿਸ ਇਸ ਮਾਮਲੇ ਵਿੱਚ ਢਿੱਲਮਿੱਠੀ ਕਰ ਰਹੀ ਹੈ ਅਤੇ ਜੇ ਤਨਦੇਹੀ ਨਾਲ ਕਾਰਵਾਈ ਕਰੀ ਜਾਂਦੀ ਤਾਂ ਸੋਨਾਲੀ ਅੱਜ ਪਰਿਵਾਰ ਨਾਲ ਹੁੰਦੀ।
ਉਧਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਲਾਪਤਾ ਹੋਈ ਲੜਕੀ ਦੀ ਤਲਾਸ਼ ਲਈ ਨੇੜਲੇ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਪਰਿਵਾਰ ਵੱਲੋਂ ਲਾਏ ਗਏ ਦੋਸ਼ਾਂ ਨੂੰ ਪੁਲਿਸ ਨੇ ਬੇਬੁਨਿਆਦ ਦੱਸਿਆ ਹੈ।
