ਮਾਲਦੀਵ ‘ਚ ਪਲਟ ਗਈ ਸਪੀਡਬੋਟ, ਭਾਰਤ ਦੇ ਦਿੱਗਜ ਰੈਲੀ ਡਰਾਈਵਰ ਹਰੀ ਸਿੰਘ ਹੋਏ ਲਾਪਤਾ

ਗੁਰਪ੍ਰੀਤ ਸਿੰਘ :- ਭਾਰਤ ਦੇ ਖੇਡ ਪ੍ਰਸ਼ੰਸਕਾਂ ਲਈ ਵੀਰਵਾਰ ਰਾਤ ਮਾਲਦੀਵ ਤੋਂ ਇੱਕ ਬਹੁਤ ਚਿੰਤਾਜਨਕ ਖ਼ਬਰ ਸਾਹਮਣੇ ਆਈ। ਜਾਣਕਾਰੀ ਅਨੁਸਾਰ ਮਾਲਦੀਵ ਵਿੱਚ ਇੱਕ ਸਪੀਡਬੋਟ ਪਲਟਣ ਕਾਰਨ ਭਾਰਤ ਦੇ ਮਸ਼ਹੂਰ ਅਤੇ ਤਜਰਬੇਕਾਰ ਰੈਲੀ ਡਰਾਈਵਰ ਹਰੀ ਸਿੰਘ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ ਹੈ। ਸਥਾਨਕ ਰਿਪੋਰਟਾਂ ਮੁਤਾਬਕ ਇਹ ਹਾਦਸਾ ਵੀਰਵਾਰ (19 ਮਾਰਚ) ਦੀ ਰਾਤ ਨੂੰ ਵਾਪਰਿਆ, ਜਿਸ ਤੋਂ ਬਾਅਦ ਹਫ਼ੜਾ-ਦਫ਼ੜੀ ਮੱਚ ਗਈ। 

ਜਾਣਕਾਰੀ ਮੁਤਾਬਕ ਜਿਸ ਵੇਲੇ ਕਿਸ਼ਤੀ ਪਲਟ ਜਾਣ ਦਾ ਹਾਦਸਾ ਵਾਪਰਿਆ, ਉਸ ਸਮੇਂ ਕਿਸ਼ਤੀ ਵਿਚ ਕੁੱਲ ਸੱਤ ਲੋਕ ਸਵਾਰ ਸਨ। ਇਸ ਹਾਦਸੇ ਵਿੱਚ ਰੇਮੰਡ ਗਰੁੱਪ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਗੌਤਮ ਸਿੰਘਾਨੀਆ ਵੀ ਸਵਾਰ ਸਨ, ਜੋ ਵਾਲ-ਵਾਲ ਬਚ ਗਏ ਹਨ। ਹਾਦਸੇ ਤੋਂ ਤੁਰੰਤ ਬਾਅਦ ਮਾਲਦੀਵ ਨੈਸ਼ਨਲ ਡਿਫੈਂਸ ਫੋਰਸ (MNDF) ਵੱਲੋਂ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਇਸ ਹਾਦਸੇ ਦੇ ਸਬੰਧ ਵਿਚ ਗੌਤਮ ਸਿੰਘਾਨੀਆ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਸਿੰਘਾਨੀਆ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਹ ਇਲਾਜ ਲਈ ਮੁੰਬਈ ਪਰਤ ਆਏ ਹਨ।

ਦੋ ਭਾਰਤੀਆਂ ਦੀ ਭਾਲ ਜਾਰੀ
ਮਾਲਦੀਵ ਦੇ ਰੱਖਿਆ ਬਲਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਦੋ ਭਾਰਤੀ ਨਾਗਰਿਕ ਅਜੇ ਵੀ ਲਾਪਤਾ ਹਨ, ਜਿਨ੍ਹਾਂ ਵਿੱਚੋਂ ਇੱਕ ਭਾਰਤੀ ਰੈਲੀ ਜਗਤ ਦੇ ਦਿੱਗਜ ਹਰੀ ਸਿੰਘ ਦੱਸੇ ਜਾ ਰਹੇ ਹਨ। ਸਮੁੰਦਰ ਵਿੱਚ ਵੱਡੇ ਪੱਧਰ ‘ਤੇ ਸਰਚ ਅਤੇ ਰੈਸਕਿਊ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦਾ ਪਤਾ ਲਗਾਇਆ ਜਾ ਸਕੇ। ਇਸ ਖ਼ਬਰ ਦੇ ਆਉਣ ਤੋਂ ਬਾਅਦ ਖੇਡ ਜਗਤ ਵਿੱਚ ਸੋਗ ਅਤੇ ਚਿੰਤਾ ਦੀ ਲਹਿਰ ਹੈ। ਹਰੀ ਸਿੰਘ ਦੇ ਪ੍ਰਸ਼ੰਸਕ ਅਤੇ ਮੋਟਰਸਪੋਰਟਸ ਨਾਲ ਜੁੜੇ ਲੋਕ ਉਨ੍ਹਾਂ ਦੀ ਸਲਾਮਤੀ ਲਈ ਲਗਾਤਾਰ ਦੁਆਵਾਂ ਕਰ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਵੇਂ ਹੀ ਕੋਈ ਨਵੀਂ ਜਾਣਕਾਰੀ ਮਿਲੇਗੀ, ਉਹ ਸਾਂਝੀ ਕਰਨਗੇ। 

ਕੌਣ ਹਨ ਹਰੀ ਸਿੰਘ?
ਮਾਲਦੀਵ ਵਿੱਚ ਸਪੀਡਬੋਟ ਪਲਟਣ ਕਾਰਨ ਲਾਪਤਾ ਹੋਏ ਹਰੀ ਸਿੰਘ ਭਾਰਤੀ ਮੋਟਰਸਪੋਰਟਸ ਦਾ ਇੱਕ ਬਹੁਤ ਵੱਡਾ ਨਾਮ ਹੈ। ਉਨ੍ਹਾਂ ਨੇ 1990 ਦੇ ਦਹਾਕੇ ਵਿੱਚ ਲਗਾਤਾਰ ਪੰਜ ਵਾਰ ਇੰਡੀਅਨ ਨੈਸ਼ਨਲ ਰੈਲੀ ਚੈਂਪੀਅਨਸ਼ਿਪ ਜਿੱਤੀ ਸੀ। ਉਹ ਏਸ਼ੀਆ ਜ਼ੋਨ ਰੈਲੀ ਚੈਂਪੀਅਨਸ਼ਿਪ ਦੇ ਪਹਿਲੇ ਐਡੀਸ਼ਨ ਦੇ ਜੇਤੂ ਰਹੇ। ਉਹ ਜੇਕੇ ਟਾਇਰ ਮੋਟਰਸਪੋਰਟਸ ਦੇ ਹੈੱਡ ਆਫ਼ ਆਪ੍ਰੇਸ਼ਨਜ਼ ਅਤੇ ਮਰਸਡੀਜ਼-ਬੈਂਜ਼ ਇੰਡੀਆ ਦੇ ਚੀਫ਼ ਇੰਸਟ੍ਰਕਟਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ।

By Gurpreet Singh

Leave a Reply

Your email address will not be published. Required fields are marked *