ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲੇ ਪੋਸਟਰ ਗੰਦਗੀ ਵਾਲੀਆਂ ਥਾਵਾਂ ‘ਤੇ ਲਗਾਉਣ ਦੀ ਸਖ਼ਤ ਨਿਖੇਧੀ, ਗਿਆਨੀ ਰਘਬੀਰ ਸਿੰਘ ਨੇ ਜਤਾਇਆ ਰੋਸ

ਗੁਰਪ੍ਰੀਤ ਸਿੰਘ :- ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਅੰਮ੍ਰਿਤਸਰ ‘ਚ ਭਾਰਤੀ ਜਨਤਾ ਪਾਰਟੀ ਦੇ ਆਗੂ ਜਗਮੋਹਨ ਸਿੰਘ ਰਾਜੂ ਵੱਲੋਂ ਲਗਾਏ ਗਏ ਪੋਸਟਰਾਂ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ।

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਰਸਾਉਣ ਵਾਲੇ ਇਨ੍ਹਾਂ ਪੋਸਟਰਾਂ ‘ਚ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਤਸਵੀਰ ਛਾਪੀ ਗਈ ਹੈ, ਪਰ ਇਨ੍ਹਾਂ ਨੂੰ ਸ਼ਹਿਰ ਦੀਆਂ ਅਜਿਹੀਆਂ ਗੰਦੀਆਂ ਥਾਵਾਂ ਤੇ ਕੂੜੇ ਦੇ ਢੇਰਾਂ ਕੋਲ ਲਗਾਇਆ ਗਿਆ ਹੈ, ਜਿੱਥੇ ਲੋਕ ਗੰਦਗੀ ਕਰਦੇ ਹਨ।

ਗਿਆਨੀ ਰਘਬੀਰ ਸਿੰਘ ਨੇ ਇਸ ਨੂੰ ਸਿੱਧੇ ਤੌਰ ‘ਤੇ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਦੀ ਉਲੰਘਣਾ ਤੇ ਬੇਅਦਬੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਪਣੀ ਪਬਲਿਸਿਟੀ ਲਈ ਪਵਿੱਤਰ ਅਸਥਾਨਾਂ ਦੀਆਂ ਤਸਵੀਰਾਂ ਦੀ ਵਰਤੋਂ ਕਰਨਾ ਵੈਸੇ ਹੀ ਗਲਤ ਹੈ, ਪਰ ਜੇਕਰ ਅਜਿਹਾ ਕਰਨਾ ਵੀ ਹੈ ਤਾਂ ਪੋਸਟਰ ਬੇਹੱਦ ਸਾਫ਼-ਸੁਥਰੀਆਂ ਤੇ ਸਤਿਕਾਰਤ ਥਾਵਾਂ ‘ਤੇ ਲਗਾਏ ਜਾਣੇ ਚਾਹੀਦੇ ਹਨ।

ਓਨ੍ਹਾਂ ਮੰਗ ਕੀਤੀ ਕਿ ਗੰਦਗੀ ਵਾਲੀਆਂ ਥਾਵਾਂ ‘ਤੇ ਲੱਗੇ ਇਨ੍ਹਾਂ ਪੋਸਟਰਾਂ ਨੂੰ ਤੁਰੰਤ ਹਟਾਇਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਜਿਹੀਆਂ ਹਰਕਤਾਂ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਡੂੰਘੀ ਚੋਟ ਪਹੁੰਚਦੀ ਹੈ ਤੇ ਕਿਸੇ ਵੀ ਸਿਆਸੀ ਆਗੂ ਨੂੰ ਆਪਣੀ ਮਸ਼ਹੂਰੀ ਲਈ ਗੁਰੂ ਘਰ ਦੇ ਸਤਿਕਾਰ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

By Gurpreet Singh

Leave a Reply

Your email address will not be published. Required fields are marked *