ਨੈਸ਼ਨਲ ਟਾਈਮਜ਼ ਬਿਊਰੋ :- ਮੇਰਠ ਦੇ ਲੋਹੀਆ ਨਗਰ ਦੀ ਗਲੀ ਨੰਬਰ 14 ਦੀ ਆਸ਼ਿਆਨਾ ਕਾਲੋਨੀ ਵਿਚ ਕਿਦਵਈ ਨਗਰ ਦੇ ਰਹਿਣ ਵਾਲੇ ਦੋ ਭਰਾਵਾਂ ਰਿਆਜ਼ ਅੰਸਾਰੀ ਅਤੇ ਇਕਰਾਮੂਦੀਨ ਦੀ ਏ-3 ਕ੍ਰਿਏਸ਼ਨ ਫੈਕਟਰੀ ਵਿਚ ਸਵੇਰੇ ਤੜਕੇ ਭਿਆਨਕ ਅੱਗ ਲੱਗ ਗਈ। ਇਸ ਘਟਨਾ ਦੌਰਾਨ ਕਈ ਸਿਲੰਡਰਾਂ ਦੇ ਫਟਣ ਦੀ ਵੀ ਸੂਚਨਾ ਮਿਲੀ, ਜਿਸ ਨਾਲ ਚੰਗਿਆੜੀਆਂ ਨੇੜੇ ਦੀ ਬਿਨ ਯਾਮੀਨ ਦੀ ਪਾਵਰਲੂਮ ਫੈਕਟਰੀ ਤੱਕ ਪਹੁੰਚ ਗਈਆਂ। ਇਸ ਨਾਲ ਉਕਤ ਸਥਾਨ ‘ਤੇ ਵੀ ਅੱਗ ਫੈਲ ਗਈ।
ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਵਿਚ ਫੈਕਟਰੀ ਦੇ ਠੇਕੇਦਾਰ ਗੋਵਿੰਦ ਅਤੇ ਅਜ਼ਹਰੂਦੀਨ ਅੱਗ ਦੀ ਲਪੇਟ ਵਿਚ ਆ ਗਏ। ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਮੌਕੇ ’ਤੇ ਪਹੁੰਚ ਗਈ, ਜਿਹਨਾਂ ਨੇ ਰਾਹਤ ਕਾਰਜ ਕਰਨੇ ਸ਼ੁਰੂ ਕਰ ਦਿੱਤੇ। ਦੋਵਾਂ ਫੈਕਟਰੀਆਂ ਵਿਚ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਪਤਾ ਲੱਗਾ ਹੈ ਕਿ ਅੱਗ ਦੀ ਸ਼ੁਰੂਆਤ ਫੈਕਟਰੀ ਵਿਚ ਕੱਪੜੇ ਸੁਕਾਉਣ ਲਈ ਰੱਖੇ ਹੀਟਰ ਨਾਲ ਹੋਈ, ਜਿਸ ਨੂੰ ਗੈਸ ਸਿਲੰਡਰ ਨਾਲ ਚਲਾਇਆ ਜਾ ਰਿਹਾ ਸੀ। ਭਿਆਨਕ ਅੱਗ ਲੱਗਣ ਅਤੇ ਸਿਲੰਡਰਾਂ ਦੇ ਫਟਣ ਨਾਲ ਫੈਕਟਰੀ ਵਿਚ ਦਹਿਸ਼ਤ ਫੈਲ ਗਈ ਅਤੇ ਮਜ਼ਦੂਰਾਂ ਵਿਚ ਭਾਜੜ ਮਚ ਗਈ।
