ਲਾਰੈਂਸ ਦੇ ਜੀਵਨ ‘ਤੇ ਆਧਾਰਿਤ ਦਸਤਾਵੇਜ਼ੀ ਸੀਰੀਜ਼ ਮਾਮਲੇ ਦੀ ਅੱਜ ਹੋਵੇਗੀ ਹਾਈਕੋਰਟ ‘ਚ ਸੁਣਵਾਈ

ਗੁਰਪ੍ਰੀਤ ਸਿੰਘ :-  ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਦੇ ਜੀਵਨ ‘ਤੇ ਆਧਾਰਿਤ ਦਸਤਾਵੇਜ਼ੀ ਸੀਰੀਜ਼ “ਲਾਰੈਂਸ ਆਫ਼ ਪੰਜਾਬ” ਮਾਮਲੇ ਦੀ ਅੱਜ ਹਾਈਕੋਰਟ ‘ਚ ਸੁਣਵਾਈ ਹੋਵੇਗੀ। ਇਸ ਦਸਤਾਵੇਜ਼ੀ ਸੀਰੀਜ਼ ‘ਤੇ ਬੈਨ ਲਾਉਣ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਅਤੇ ਮੌਜੂਦਾ MP ਰਾਜਾ ਵੜਿੰਗ ਨੇ ਹਾਈਕੋਰਟ ਤੱਕ ਪਹੁੰਚ ਕੀਤੀ ਹੈ। ਇਸ ਸੰਬੰਧੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ ਸੀ ਕਿ ਇਹ ਕੋਈ ਕੰਟੈਂਟ ਨਹੀਂ ਹੈ, ਸਗੋਂ ਸਾਡੇ ਸਾਰਿਆਂ ਦੇ ਮੂੰਹ ‘ਤੇ ਚਪੇੜ ਹੈ।

ਰਾਜਾ ਵੜਿੰਗ ਨੇ ਆਪਣੀ ਪੋਸਟ ‘ਚ ਕਿਹਾ ਸੀ ਕਿ ਮੈਂ ਆਪਣੇ ਦੋਸਤ ਸਿੱਧੂ ਮੂਸੇਵਾਲਾ ਨੂੰ ਲਾਰੈਂਸ ਬਿਸ਼ਨੋਈ ਦੀ ਗੈਂਗ ਦੇ ਹੱਥੋਂ ਖੋ ਦਿੱਤਾ। ਉਸਦੀ ਮੌਤ ਹਰ ਇੱਕ ਪੰਜਾਬੀ ਲਈ ਘਾਟਾ ਸੀ, ਦੁਨੀਆ ਭਰ ਦੇ ਲੱਖਾਂ ਫੈਨਜ਼ ਲਈ ਵੱਡਾ ਸਦਮਾ ਸੀ। ਅੱਜ ZEE5 ਉਹੀ ਗੈਂਗਸਟਰ ਉੱਤੇ “Lawrence of Punjab” ਨਾਂ ਦੀ ਡਾਕੂਮੈਂਟਰੀ ਸੀਰੀਜ਼ ਰਿਲੀਜ਼ ਕਰਨੀ ਚਾਹੁੰਦਾ ਹੈ ? ਸਿਰਫ਼ ਸਿੱਧੂ ਹੀ ਨਹੀਂ। ਸੈਂਕੜੇ ਪੰਜਾਬੀ ਇਸ ਕਰਾਈਮ ਨੈੱਟਵਰਕ ਕਰਕੇ ਆਪਣੀ ਜ਼ਿੰਦਗੀ ਗੁਆ ਚੁੱਕੇ ਹਨ। ਬੇਅੰਤ ਪਰਿਵਾਰ ਅਜੇ ਵੀ ਦੁੱਖ ਵਿੱਚ ਹਨ, ਅਜੇ ਵੀ ਦਰਦ ਸਹਿ ਰਹੇ ਹਨ। ਇਹ ਟੀਵੀ ਸੀਰੀਜ਼ ਕੰਟੇਂਟ ਨਹੀਂ, ਇਹ ਸਾਡੇ ਸਾਰੇਆਂ ਦੇ ਮੂੰਹ ‘ਤੇ ਚਪੇੜ ਹੈ। ਭਗਤ ਸਿੰਘ ਜੀ ਪੰਜਾਬ ਦੀ ਪਹਿਚਾਣ ਹਨ। ਸਾਡੇ ਸੈਨਿਕ ਪੰਜਾਬ ਦੀ ਪਹਿਚਾਣ ਹਨ। ਸਾਡੇ ਕਿਸਾਨ ਪੰਜਾਬ ਦੀ ਪਹਿਚਾਣ ਹਨ। ਇੱਕ ਗੈਂਗਸਟਰ ਨਹੀਂ। ਗੈਂਗਸਟਰ ਕਦੇ ਵੀ ਨਹੀਂ! ਮੈਂ ਇੱਕ PIL ਫਾਇਲ ਕਰ ਰਿਹਾ ਹਾਂ। ਇਹ ਸੀਰੀਜ਼ ਬੈਨ ਹੋਣੀ ਚਾਹੀਦੀ ਹੈ।

ਰਾਜਾ ਵੜਿੰਗ ਨੇ ਕਿਹਾ ਕਿ Lawrence of punjab ਨਾਮ ਦੀ ਵੈੱਬ ਸੀਰੀਜ਼ ਦੀ ਮੈਂ ਸਖ਼ਤ ਸ਼ਬਦਾਂ ਨਾਲ ਨਿੰਦਾ ਕਰਦਾ ਹਾਂ… ਇਵੇਂ ਦੀਆਂ ਫਿਲਮਾਂ ਜਾਂ ਸੀਰੀਜ਼ ਸਾਡੇ ਬੱਚਿਆਂ ਦੇ ਆਉਣ ਵਾਲੇ ਕੱਲ੍ਹ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਨਗੀਆਂ। ਗੈਂਗਸਟਰਵਾਦ ਨੂੰ ਪ੍ਰਮੋਟ ਕਰਦੀ ਇਸ ਫਿਲਮ ਦਾ ਰਿਲੀਜ਼ ਹੋਣਾ ਸਾਡੇ ਸਮਾਜ ਲਈ ਬੇਹੱਦ ਚਿੰਤਾ ਦਾ ਵਿਸ਼ਾ ਹੈ। ਜਿਹੜੇ ਲੋਕਾਂ ਨੇ ਸਾਡੇ ਨੌਜਵਾਨਾਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ, ਉਹਨਾਂ ਨੂੰ ਇੱਕ ਹੀਰੋ ਵਾਂਗ ਦਿਖਾਇਆ ਜਾਣਾ ਸ਼ਰਮਨਾਕ ਹੈ। ਮੈਂ ਇਸਦਾ ਵਿਰੋਧ ਕਰਦਾ ਹੋਇਆ ਮਾਨਯੋਗ ਅਦਾਲਤ ਨੂੰ ਬੇਨਤੀ ਕਰਦਾ ਹਾਂ ਕਿ ਇਸ ਸੀਰੀਜ਼ ਦੇ ਰਿਲੀਜ਼ ਹੋਣ ‘ਤੇ ਰੋਕ ਲਗਾਈ ਜਾਵੇ।

“ਲਾਰੈਂਸ ਆਫ਼ ਪੰਜਾਬ” ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੀਵਨ ਅਤੇ ਪੰਜਾਬ ਵਿੱਚ ਅਪਰਾਧ ਦੇ ਸੱਭਿਆਚਾਰ ‘ਤੇ ਅਧਾਰਤ ਹੈ। ਇਹ ਲੜੀ ਰਾਘਵ ਡਾਰ ਦੁਆਰਾ ਨਿਰਦੇਸ਼ਤ ਹੈ ਅਤੇ ਲਾਰੈਂਸ ਬਿਸ਼ਨੋਈ ਦੇ ਵਿਦਿਆਰਥੀ ਰਾਜਨੀਤੀ ਤੋਂ ਇੱਕ ਵੱਡੇ ਅਪਰਾਧੀ ਬਣਨ ਤੱਕ ਦੇ ਸਫ਼ਰ ਨੂੰ ਦਰਸਾਉਂਦੀ ਹੈ। ਇਹ ਲੜੀ OTT ਪਲੇਟਫਾਰਮ ZEE5 ‘ਤੇ ਰਿਲੀਜ਼ ਕੀਤੀ ਜਾਵੇਗੀ ਅਤੇ ਇਸਦੀ ਰਿਲੀਜ਼ ਮਿਤੀ 27 ਅਪ੍ਰੈਲ, 2026 ਨਿਰਧਾਰਤ ਕੀਤੀ ਗਈ ਹੈ। ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ, ਪੰਜਾਬ ਵਿੱਚ ਇੱਕ ਰਾਜਨੀਤਿਕ ਵਿਵਾਦ ਖੜ੍ਹਾ ਹੋ ਗਿਆ ਹੈ। ਪੰਜਾਬ ਕਾਂਗਰਸ ਨੇ ਇਸ ਲੜੀ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ, ਇਹ ਦਾਅਵਾ ਕਰਦੇ ਹੋਏ ਕਿ ਇਹ ਅਪਰਾਧੀਆਂ ਨੂੰ ਹੱਲਾਸ਼ੇਰੀ ਦੇ ਸਕਦੀ ਹੈ।

ਇਸ ਦਸਤਾਵੇਜ਼ੀ ਸੀਰੀਜ਼ ਨੂੰ ਬੈਨ ਲਾਉਣ ਨੂੰ ਲੈ ਕੇ ਬੀਤੇ ਦਿਨ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਵੀ ਲਿਖਿਆ ਸੀ।

By Gurpreet Singh

Leave a Reply

Your email address will not be published. Required fields are marked *