ਜਲੰਧਰ – 31 ਮਈ ਨੂੰ ਪੰਜਾਬ ਵਿਚ ਫਿਰ ਤੋਂ ਮੌਕ ਡਰਿੱਲ ਅਤੇ ਬਲੈਕਆਊਟ ਹੋਣ ਜਾ ਰਿਹਾ ਹੈ। ਉਥੇ ਹੀ ਜਲੰਧਰ ਵਿਚ ਵੀ ਕੱਲ੍ਹ ਖ਼ਤਰੇ ਦੇ ਘੁੱਗੂ ਵੱਜਣਗੇ ਅਤੇ ਮੌਕ ਡਰਿੱਲ ਦੇ ਨਾਲ ਬਲੈਕਆਊਟ ਵੀ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ 31 ਮਈ ਨੂੰ ਰਾਤ 9.30 ਵਜੇ ਤੋਂ ਰਾਤ 10 ਵਜੇ ਤੱਕ ਜਲੰਧਰ ਜ਼ਿਲ੍ਹੇ ਵਿੱਚ ਬਲੈਕ ਆਊਟ ਦਾ ਅਭਿਆਸ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬਲੈਕਆਊਟ ਤੋਂ ਪਹਿਲਾਂ ਸਾਇਰਨ ਦੀ ਆਵਾਜ਼ ਸੁਣਾਈ ਦੇਵੇਗੀ ਅਤੇ ਇਸ ਸਮੇਂ ਦੌਰਾਨ ਐਮਰਜੈਂਸੀ ਸੇਵਾਵਾਂ ਵਾਲੇ ਅਦਾਰਿਆਂ ਤੋਂ ਇਲਾਵਾ ਪੂਰੇ ਜ਼ਿਲ੍ਹੇ ਵਿੱਚ ਲਾਈਟ ਬੰਦ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਵੀ ਉਕਤ ਸਮੇਂ ਦੌਰਾਨ ਸਟਰੀਟ ਲਾਈਟਾਂ ਦੀ ਲਾਈਟ ਬੰਦ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਬਲੈਕਆਊਟ ਦੌਰਾਨ ਜ਼ਿਲ੍ਹਾ ਵਾਸੀ ਜਨਰੇਟਰਾਂ ਅਤੇ ਇਨਵਰਟਰਾਂ ਰਾਹੀਂ ਲਾਈਟ ਦੀ ਵਰਤੋਂ ਨਾ ਕਰਨ।
ਉਨ੍ਹਾਂ ਦੱਸਿਆ ਕਿ ਬਲੈਕਆਊਟ ਦੇ ਅਭਿਆਸ ਦੌਰਾਨ ਘਰਾਂ ਤੋਂ ਬਾਹਰ ਵਾਲੀਆਂ ਲਾਈਟਾਂ ਵੀ ਬੰਦ ਰੱਖੀਆਂ ਜਾਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸ਼ਹਿਰ ਵਿੱਚ ਸਾਇਰਨ ਹੋਰ ਵਧਾਏ ਗਏ ਹਨ ਪਰ ਫਿਰ ਵੀ ਜੇਕਰ ਇਸ ਸਬੰਧੀ ਕੋਈ ਸਮੱਸਿਆ ਸਾਹਮਣੇ ਆਉਂਦੀ ਹੈ ਤਾਂ ਜ਼ਿਲ੍ਹਾ ਪ੍ਰਸਾਸ਼ਨ ਦੇ ਕੰਟਰੋਲ ਰੂਮ ਨੰਬਰ 0181-2224417 ‘ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਉਥੇ ਹੀ ਡਾ. ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਹ ਬਲੈਕਆਊਟ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਇਕ ਅਭਿਆਸ ਵਜੋਂ ਕਰਵਾਇਆ ਜਾ ਰਿਹਾ ਹੈ। ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਅਭਿਆਸ ਦੌਰਾਨ ਸੁਰੱਖਿਆ ਉਪਾਵਾਂ ਦੀ ਪਾਲਣਾ ਜ਼ਰੂਰੀ ਹੈ। ਡਾ. ਅਗਰਵਾਲ ਨੇ ਦੱਸਿਆ ਕਿ ਬਲੈਕਆਊਟ ਦੌਰਾਨ ਗੈਰ ਜ਼ਰੂਰੀ ਤੌਰ ‘ਤੇ ਵਾਹਨਾਂ ਰਾਹੀਂ ਸਫ਼ਰ ਨਾ ਕੀਤਾ ਜਾਵੇ ਅਤੇ ਜ਼ਰੂਰੀ ਸਫ਼ਰ ਕਰਨ ‘ਤੇ ਬਲੈਕ ਆਊਟ ਦੇ ਸਮੇਂ ਦੌਰਾਨ ਆਪਣੇ ਵਾਹਨ ਸੜਕ ਦੇ ਇਕ ਪਾਸੇ ਲਗਾਕੇ ਲਾਈਟ ਬੰਦ ਕੀਤੀ ਜਾਵੇ। ਡਾ. ਅਗਰਵਾਲ ਨੇ ਅੱਗੇ ਦੱਸਿਆ ਕਿ ਮੌਕ ਡਰਿੱਲ ਦੌਰਾਨ ਐੱਨ. ਡੀ. ਆਰ. ਐੱਫ਼. ਅਤੇ ਐੱਸ. ਡੀ. ਆਰ. ਐੱਫ਼, ਬੀ. ਐੱਸ. ਐੱਫ਼ ਅਤੇ ਫ਼ੌਜ ਆਦਿ ਸਮੇਤ ਹੋਰ ਜ਼ਰੂਰੀ ਸੇਵਾਵਾਂ ਨਾਲ ਜੁੜੇ ਵਿਭਾਗ ਸ਼ਾਮਲ ਹੋਣਗੇ ਅਤੇ ਐਮਰਜੈਂਸੀ ਹਾਲਾਤ ਦੌਰਾਨ ਜੋ ਸੁਰੱਖਿਆ ਉਪਾਅ ਵਰਤੇ ਜਾਂਦੇ ਹਨ, ਉਨ੍ਹਾਂ ਉਪਾਵਾਂ ਨੂੰ ਯਕੀਨੀ ਬਣਾਉਣ ਲਈ ਅਭਿਆਸ ਕਰਨਗੇ।
ਸ਼ਾਮ 6 ਵਜੇ ਕਰਵਾਈ ਜਾਵੇਗੀ ਮੌਕ ਡਰਿੱਲ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲੈਕਆਊਟ ਤੋਂ ਪਹਿਲਾਂ 31 ਮਈ ਨੂੰ ਹੀ ਸ਼ਾਮ 6 ਵਜੇ ਕੈਂਟ ਬੋਰਡ ਦਫ਼ਤਰ, ਨੇੜੇ ਜਵਾਹਰ ਪਾਰਕ ਜਲੰਧਰ ਕੈਂਟ ਵਿਖੇ ਮੌਕ ਡਰਿੱਲ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਅਹਿਤਿਆਤ ਵਜੋਂ ਮੌਕ ਡਰਿੱਲ ਕਰਵਾਈ ਜਾਂਦੀ ਹੈ। ਮੌਕ ਡਰਿੱਲ ਦੌਰਾਨ ਜਿੱਥੇ ਜਨਤਾ ਦੀ ਜਾਨ-ਮਾਲ ਦੀ ਰੱਖਿਆ ਕਰਨ ਸਬੰਧੀ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਂਦਾ ਹੈ, ਉਥੇ ਹੀ ਜ਼ਰੂਰੀ ਸੇਵਾਵਾਂ ਜਿਵੇਂ ਖਾਧ ਪਦਾਰਥਾਂ ਦੀ ਉਪਲੱਬਧਤਾ, ਸਿਹਤ ਸੇਵਾਵਾਂ ਅਤੇ ਹੋਰ ਲੋੜੀਂਦੀਆਂ ਸੇਵਾਵਾਂ ਮੁੱਹਈਆ ਕਰਵਾਉਣ ਦਾ ਅਭਿਆਸ ਕਰਵਾਇਆ ਜਾਂਦਾ ਹੈ।
