ਨੈਸ਼ਨਲ ਟਾਈਮਜ਼ ਬਿਊਰੋ :- ਸ਼ਿਮਲਾ ਦੇ ਮਸ਼ਹੂਰ ਬਿਸ਼ਪ ਕਾਟਨ ਸਕੂਲ ਤੋਂ ਸ਼ਨਿਚਰਵਾਰ ਨੂੰ ਮੋਹਾਲੀ ਦੇ ਇਕ ਬੱਚੇ ਸਮੇਤ ਤਿੰਨ ਬੱਚਿਆਂ ਨੂੰ ਅਗਵਾ ਕਰ ਲਿਆ ਗਿਆ। ਹਿਤਿੰਦਰ ਸਿੰਘ ਨਾਂ ਦਾ ਇਹ ਬੱਚਾ ਮੋਹਾਲੀ ਦੇ ਇੱਕ ਵੱਡੇ ਵਪਾਰੀ ਦਾ ਪੁੱਤਰ ਤੇ ਪੰਜਾਬ ਸਰਕਾਰ ਦੇ ਇਕ ਕੈਬਿਨੇਟ ਮੰਤਰੀ ਦਾ ਰਿਸ਼ਤੇਦਾਰ ਹੈ। ਹਾਲਾਂਕਿ ਹਿਮਾਚਲ ਪੁਲਿਸ ਨੇ ਫ਼ੌਰੀ ਕਾਰਵਾਈ ਕਰਦਿਆਂ ਤਿੰਨਾਂ ਬੱਚਿਆਂ ਨੂੰ ਛੁਡਾ ਕੇ ਇਕ ਅਗਵਾਕਾਰ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਛੇਵੀਂ ਜਮਾਤ ਦੇ ਵਿਦਿਆਰਥੀਆਂ ਹਿਤਿੰਦਰ (ਮੋਹਾਲੀ), ਵਿਦਾਂਸ਼ (ਕੁੱਲੂ) ਤੇ ਅੰਗਦ (ਕਰਨਾਲ) ਰੱਖੜੀ ਦੇ ਦਿਨ (9 ਅਗਸਤ) ਨੂੰ ਦੁਪਹਿਰ 12:09 ਵਜੇ ਸਕੂਲ ਤੋਂ ਆਉਟਿੰਗ ਗੇਟ ਪਾਸ ਲੈ ਕੇ ਮਾਲ ਰੋਡ ’ਤੇ ਘੁੰਮਣ ਗਏ ਸਨ। ਪੰਜ ਵਜੇ ਤੱਕ ਵਾਪਸੀ ਦਾ ਸਮਾਂ ਸੀ ਪਰ ਕਈ ਘੰਟਿਆਂ ਬਾਅਦ ਵੀ ਵਾਪਸ ਨਾ ਆਉਣ ’ਤੇ ਸਕੂਲ ’ਚ ਤਰਥੱਲੀ ਮਚ ਗਈ। ਸਕੂਲ ਪ੍ਰਬੰਧਕਾਂ ਨੇ ਤਲਾਸ਼ ਕੀਤੀ ਪਰ ਕੋਈ ਸਰਾਗ ਨਾ ਮਿਲਣ ’ਤੇ ਨਿਊ ਸ਼ਿਮਲਾ ਥਾਣੇ ’ਚ ਸ਼ਿਕਾਇਤ ਦਿੱਤੀ ਗਈ, ਇਸ ਤੋਂ ਬਾਅਦ ਪੁਲਿਸ ਨੇ ਤਲਾਸ਼ ਸ਼ੁਰੂ ਕੀਤੀ।
ਅਗਵਾਕਾਰ ਤਿੰਨਾਂ ਬੱਚਿਆਂ ਨੂੰ ਪੁਰਾਣੇ ਮਾਡਲ ਦੀ ਦਿੱਲੀ ਨੰਬਰ ਵਾਲੀ ਆਈ-10 ਕਾਰ ’ਚ ਬਿਠਾ ਕੇ 60 ਕਿਲੋਮੀਟਰ ਦੂਰ ਆਪਣੇ ਪਿੰਡ ਲੈ ਗਏ। ਅਗਵਾਕਾਰਾਂ ਨੇ ਤਿੰਨਾਂ ਬਾਚਿਆਂ ਦੇ ਮੂਹਾਂ ’ਤੇ ਟੇਪ ਲਗਾ ਕੇ ਅੱਖਾਂ ’ਤੇ ਪੱਟੀ ਬੰਨ ਦਿੱਤੀ। ਗੰਨ ਪੁਆਇਂਟ ’ਤੇ ਉਨ੍ਹਾਂ ਕੋਲੋਂ ਪਰਿਵਾਰਕ ਮੈਂਬਰਾਂ ਦੇ ਫੋਨ ਨੰਬਰ ਲਏ ਤੇ ਫਿਰੌਤੀ ਲਈ ਕਾਲ ਕੀਤੀ ਗਈ। ਬਾਅਦ ’ਚ ਪੁਲਿਸ ਕਾਰਵਾਈ ਦੌਰਾਨ ਪੁਲਿਸ ਨੇ ਤਿੰਨਾਂ ਬੱਚਿਆਂ ਨੂੰ ਕੋਟਖਾਈ ਦੇ ਕੋਕੂਨਾਲਾ ਤੋਂ ਬਰਾਮਦ ਕਰ ਲਿਆ ਗਿਆ। ਕਿਡਨੈਪਰ ਨੇ ਬੱਚਿਆਂ ਨੂੰ ਸਿਰਫ਼ ਬਨਿਆਨ ’ਚ ਰੱਖਿਆ। ਮਾਰਕੁੱਟ ਬਾਰੇ ਕੋਈ ਪੁਸ਼ਟੀ ਨਹੀਂ ਹੋਈ, ਪਰ ਬੱਚੇ ਡਰੇ ਹੋਏ ਹਨ।
