ਮੋਹਾਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ₹21.60 ਕਰੋੜ ਦੀ ਲਾਗਤ ਨਾਲ ਬਣੇ “ਸਿਟੀ ਸਰਵਿਲੈਂਸ ਅਤੇ ਟਰੈਫ਼ਿਕ ਮੈਨੇਜਮੈਂਟ ਸਿਸਟਮ” ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ। ਇਸ ਆਧੁਨਿਕ ਸਿਸਟਮ ਦਾ ਮੁੱਖ ਉਦੇਸ਼ ਆਵਾਜਾਈ ਨੂੰ ਸੁਚਾਰੂ ਬਣਾਉਣ, ਸੜਕਾਂ ‘ਤੇ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਅਤੇ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨਾ ਹੈ।
CM ਮਾਨ ਨੇ ਕਿਹਾ “ਲੋਕਾਂ ਦੀ ਜਾਨ-ਮਾਲ ਦੀ ਰਾਖੀ ਹਰ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ, ਅਤੇ ਇਹੀ ਨਿਭਾਉਣ ਲਈ ਸਾਡੀ ਸਰਕਾਰ ਵੱਲੋਂ ਮੋਹਾਲੀ ਵਿਖੇ ਸੜਕਾਂ ਅਤੇ ਆਵਾਜਾਈ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਕੈਮਰੇ ਲਗਾਏ ਗਏ ਹਨ। ਬਤੌਰ ਮੈਂਬਰ ਪਾਰਲੀਮੈਂਟ ਮੇਰੇ ਦੁਆਰਾ ਲੋਕ ਸਭਾ ਹਲਕਾ ਸੰਗਰੂਰ ‘ਚ ਲਗਵਾਏ ਕੈਮਰੇ ਵੀ ਅਨੇਕਾਂ ਗੰਭੀਰ ਮਾਮਲੇ ਸੁਲਝਾਉਣ ‘ਚ ਸਹਾਈ ਹੋਏ ਹਨ। ਇਹਨਾਂ ਕੈਮਰਿਆਂ ਦੀ ਸਥਾਪਨਾ ਪਿੱਛੇ ਸਾਡਾ ਇੱਕੋ ਮੰਤਵ ਹੈ ਕਿ ਸਭ ਤੋਂ ਆਧੁਨਿਕ ਤਰੀਕਿਆਂ ਨਾਲ਼ ਲੋਕਾਂ ਨੂੰ ਵੱਧ ਤੋਂ ਵੱਧ ਸੁਰੱਖਿਆ ਮੁਹੱਈਆ ਕਰਵਾਈ ਜਾਵੇ। “
ਉਨ੍ਹਾਂ ਅੱਗੇ ਕਿਹਾ ਕਿ “ਚੰਡੀਗੜ੍ਹ ਦੀ ਤਰ੍ਹਾਂ ਮੋਹਾਲੀ ‘ਚ ਵੀ ਸੁਰੱਖਿਅਤ ਆਵਾਜਾਈ ਬਣੇਗੀ। ਮੋਹਾਲੀ ‘ਚ 17 ਮੁੱਖ ਥਾਵਾਂ ਹਰ ਵੇਲ਼ੇ ਕੈਮਰੇ ਰਹੀ ਨਿਗਰਾਨੀ ਕੀਤੀ ਜਾਏਗੀ। ਇਸਦੇ ਨਾਲ ਹੀ ਆਵਾਜਾਈ ‘ਤੇ ਨਜ਼ਰ ਰੱਖਣ ਲਈ AI ਤਕਨੀਕ ਨਾਲ਼ ਲੈਸ 351 ਕੈਮਰੇ ਲਾਗਏ ਜਾਣਗੇ। ਹੁਣ ਚਲਾਨ ਤਸਵੀਰ ਵਾਲ਼ਾ ਅਤੇ ਆਨਲਾਈਨ ਹੋਵੇਗਾ ਜੋ ਸਿੱਧਾ ਘਰ ਪਹੁੰਚੇਗਾ। “
ਯੁੱਧ ਨਸ਼ਿਆਂ ਵਿਰੁੱਧ ਬਾਰੇ ਉਨ੍ਹਾਂ ਕਿਹਾ “ਯੁੱਧ ਨਸ਼ਿਆਂ ਵਿਰੁੱਧ ਕੋਈ ਇੱਕ ਦਿਨ ‘ਚ ਸਬੱਬੀਂ ਲਿਆ ਗਿਆ ਫ਼ੈਸਲਾ ਨਹੀਂ, ਇਸ ਪਿੱਛੇ ਅਨੇਕਾਂ ਬੈਠਕਾਂ ਅਤੇ ਬਹੁਤ ਸਾਰੀ ਤਿਆਰੀ ਜੁੜੀ ਹੋਈ ਹੈ। ਨਸ਼ੇ ਦੀ ਸਪਲਾਈ ਰੋਕਣ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈਆਂ ਦੇ ਨਾਲ਼ ਇਹ ਵੀ ਤਿਆਰੀ ਕੀਤੀ ਗਈ ਕਿ ਨਸ਼ੇ ਦੀ ਲਪੇਟ ‘ਚ ਆਏ ਮਰੀਜ਼ਾਂ ਨੂੰ ਇਲਾਜ ਵੀ ਮਿਲੇ ਅਤੇ ਉਹਨਾਂ ਨੂੰ ਹੁਨਰਮੰਦ ਬਣਾ ਕੇ ਇਲਾਜ ਤੋਂ ਬਾਅਦ ਮੁੜ ਮੁੱਖ ਧਾਰਾ ਨਾਲ਼ ਜੋੜਿਆ ਜਾਵੇ। ਨਸ਼ਾ ਤਸਕਰੀ ਦੇ ਮਾਮਲੇ ‘ਚ ਕਿਸੇ ਦੀ ਕੋਈ ਸਿਫ਼ਾਰਸ਼ ਨਹੀਂ ਚੱਲੇਗੀ ਅਤੇ ਲੋਕਾਂ ਨੂੰ ਅਪੀਲ ਹੈ ਕਿ ਉਹ ਇਸ ਮੁਹਿੰਮ ਦੀ ਕਾਮਯਾਬੀ ਲਈ ਇਸੇ ਤਰ੍ਹਾਂ ਆਪਣਾ ਸਹਿਯੋਗ ਜਾਰੀ ਰੱਖਣ।”