ਵੀਜ਼ਾ ਸੇਵਾਵਾਂ ਮੁਅੱਤਲੀ ‘ਤੇ ਸਵਾਲ ‘ਤੇ ਟ੍ਰੂਡੋ ਨੇ ਦਿੱਤਾ ਟਾਲਮਟੋਲ ਜਵਾਬ

ਨੈਸ਼ਨਲਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਇਸ ਸਵਾਲ ਨੂੰ ਟਾਲ਼ ਗਏ ਕਿ ਕੀ ਉਨ੍ਹਾਂ ਦੀ ਸਰਕਾਰ ਭਾਰਤ ਸਰਕਾਰ ਵਾਂਗ ਵੀਜ਼ਾ ਸੇਵਾਵਾਂ ਰੋਕੇਗੀ ਜਾਂ ਨਹੀਂ।ਭਾਰਤ ਅਤੇ ਕੈਨੇਡਾ ਦਰਮਿਆਨ ਕੂਟਨੀਤਕ ਤਣਾਅ ਲਗਾਤਾਰ ਵਧ ਰਿਹਾ ਹੈ ਅਤੇ ਵੀਰਵਾਰ ਨੂੰ ਕੈਨੇਡਾ ਵਿਚ ਭਾਰਤ ਦੇ ਵੀਜ਼ਾ ਪ੍ਰੋਸੈਸਿੰਗ ਸੈਂਟਰ ਨੇ ਆਪਣੀਆਂ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ।

ਟ੍ਰੂਡੋ ਵੱਲੋਂ ਇਸ ਹਫ਼ਤੇ ਭਾਰਤ ਸਰਕਾਰ ਅਤੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਰਮਿਆਨ ਇੱਕ ਸੰਭਾਵੀ ਸਬੰਧ ਬਾਰੇ ਭਰੋਸੇਯੋਗ ਖੁਫ਼ੀਆ ਜਾਣਕਾਰੀ ਹੋਣ ਦੇ ਬਿਆਨ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਕੁੜੱਤਣ ਆਈ ਹੈ।

ਨਿੱਝਰ ਦੀ 18 ਜੂਨ ਨੂੰ ਸਰੀ ਵਿਚ ਹੱਤਿਆ ਕਰ ਦਿੱਤੀ ਗਈ ਸੀ। ਉਹ ਕਈ ਸਾਲਾਂ ਤੋਂ ਭਾਰਤ ਵਿਚ ਵਾਂਟੇਡ ਸੀ।

ਵੀਰਵਾਰ ਨੂੰ ਨਿਊਯੌਰਕ ਵਿੱਚ ਬੋਲਦਿਆਂ, ਟ੍ਰੂਡੋ ਨੇ ਵੀਜ਼ਾ ਪ੍ਰੋਸੈਸਿੰਗ ਬਾਰੇ ਸਵਾਲਾਂ ਨੂੰ ਟਾਲ ਦਿੱਤਾ ਅਤੇ ਮਾਮਲੇ ਦੀ ਤਹਿ ਤੱਕ ਜਾਣ ਲਈ ਭਾਰਤ ਸਰਕਾਰ ਨੂੰ ਹੋਰ ਕੰਮ ਕਰਨ ਦੀ ਆਪਣੀ ਮੰਗ ਨੂੰ ਦੁਹਰਾਇਆ।

ਟ੍ਰੂਡੋ ਨੇ ਕਿਹਾ, ਅਸੀਂ ਭਾਰਤ ਸਰਕਾਰ ਨੂੰ ਸਾਡੇ ਨਾਲ ਕੰਮ ਕਰਨ, ਇਨ੍ਹਾਂ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਣ ਅਤੇ ਨਿਆਂ ਨੂੰ ਆਪਣਾ ਕੰਮ ਕਰਨ ਦੇਣ ਦੀ ਮੰਗ ਕਰਦੇ ਹਾਂ

ਉੱਧਰ ਕੈਨੇਡੀਅਨ ਹਾਈ ਕਮੀਸ਼ਨ ਦਾ ਵੀ ਕਹਿਣਾ ਹੈ ਕਿ ਉਹ ਭਾਰਤ ਵਿਚ ਸਥਿਤ ਆਪਣੇ ਕਮੀਸ਼ਨ ਅਤੇ ਕਾਂਸੁਲੇਟਾਂ ਵਿਚ ਆਰਜ਼ੀ ਤੌਰ ‘ਤੇ ਸਟਾਫ਼ ਦੀ ਗਿਣਤੀ ਘਟਾ ਰਹੇ ਹਨ, ਕਿਉਂਕਿ ਕੁਝ ਡਿਲਪੋਮੈਟਾਂ ਨੂੰ ਸੋਸ਼ਲ ਮੀਡੀਆ ‘ਤੇ ਧਮਕੀਆਂ ਮਿਲੀਆਂ ਹਨ।

ਸਬੂਤ ਭਰੋਸੇਯੋਗ ਹਨ: ਟ੍ਰੂਡੋ

ਟ੍ਰੂਡੋ ਨੇ ਕਿਹਾ ਕਿ ਉਨ੍ਹਾਂ ਨੇ ਹਾਊਸ ਔਫ਼ ਕੌਮਨਜ਼ ਵਿੱਚ ਜੋ ਦੋਸ਼ ਲਾਏ ਸਨ, ਉਹ ਭਾਰਤ ਨੂੰ ਭੜਕਾਉਣ ਜਾਂ ਸਮੱਸਿਆਵਾਂ ਪੈਦਾ ਕਰਨ ਲਈ ਨਹੀਂ ਸਗੋਂ ਕੈਨੇਡੀਅਨ ਕਦਰਾਂ-ਕੀਮਤਾਂ ਦੀ ਰਾਖੀ ਲਈ ਸਨ।

ਉਨ੍ਹਾਂ ਕਿਹਾ, ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਇੱਕ ਵਧਦੇ ਮਹੱਤਵ ਵਾਲਾ ਦੇਸ਼ ਹੈ ਅਤੇ ਇੱਕ ਅਜਿਹਾ ਦੇਸ਼ ਹੈ ਜਿਸ ਨਾਲ ਸਾਨੂੰ ਕੰਮ ਕਰਨਾ ਜਾਰੀ ਰੱਖਣ ਦੀ ਲੋੜ ਹੈ

ਟ੍ਰੂਡੋ ਨੂੰ ਵੀਰਵਾਰ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਦੋਸ਼ ਲਗਾਉਣ ‘ਤੇ ਪਛਤਾਵਾ ਹੈ।

ਉਨ੍ਹਾਂ ਕਿਹਾ, ਇਹ ਮੰਨਣ ਦੇ ਭਰੋਸੇਯੋਗ ਕਾਰਨ ਹਨ ਕਿ ਕੈਨੇਡਾ ਦੀ ਧਰਤੀ ‘ਤੇ ਇੱਕ ਕੈਨੇਡੀਅਨ ਦੀ ਹੱਤਿਆ ਵਿੱਚ ਭਾਰਤ ਸਰਕਾਰ ਦੇ ਏਜੰਟ ਸ਼ਾਮਲ ਸਨ

ਕਾਨੂੰਨ ਦੇ ਸ਼ਾਸਨ ਵਾਲੇ ਦੇਸ਼, ਇੱਕ ਅਜਿਹੀ ਦੁਨੀਆਂ ਵਿੱਚ ਜਿੱਥੇ ਅੰਤਰਰਾਸ਼ਟਰੀ ਨਿਯਮ-ਆਧਾਰਿਤ ਵਿਵਸਥਾ ਮਾਇਨੇ ਰੱਖਦੀ ਹੈ, ਵਿੱਚ ਇਹ ਸਭ ਤੋਂ ਵੱਧ ਅਤੇ ਬੁਨਿਆਦੀ ਮਹੱਤਵ ਵਾਲੀ ਚੀਜ਼ ਹੈ। ਸਾਡੇ ਕੋਲ ਸਖ਼ਤ ਅਤੇ ਸੁਤੰਤਰ ਨਿਆਂ ਪ੍ਰਣਾਲੀ ਹੈ ਅਤੇ ਮਜ਼ਬੂਤ ​​ਪ੍ਰਕਿਰਿਆਵਾਂ ਹਨ ਜੋ ਆਪਣਾ ਕੰਮ ਕਰਨਗੀਆਂ

By Rajeev Sharma

Leave a Reply

Your email address will not be published. Required fields are marked *