ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੁਪਹਿਰ 2.30 ਵਜੇ ਮੁੜ ਸ਼ੁਰੂ ਹੋਈ, ਜਿੱਥੇ ਰਾਜਪਾਲ ਦੇ ਭਾਸ਼ਣ ‘ਤੇ ਬਹਿਸ ਚੱਲ ਰਹੀ ਸੀ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਆਖਿਆ ਕਿ ਰਾਜਪਾਲ ਦੇ ਭਾਸ਼ਣ ‘ਚ ਕੁਝ ਨਹੀਂ ਹੈ।ਬਾਜਵਾ ਦੇ ਇਸ ਬਿਆਨ ਤੋਂ ਬਾਅਦ ਸਦਨ ‘ਚ ਹੰਗਾਮਾ ਹੋ ਗਿਆ। ਕਿਸਾਨ ਮੁੱਦੇ ‘ਤੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਹੋਈ। ਬਾਜਵਾ ਨੇ ਆਮ ਆਦਮੀ ਪਾਰਟੀ ‘ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪੰਜਾਬ ‘ਚ ਨਾ ਤਾਂ ਕਿਸਾਨ ਸੁਰੱਖਿਅਤ ਹਨ ਤੇ ਨਾ ਹੀ ਜਵਾਨ। ਉਨ੍ਹਾਂ ਸਰਕਾਰ ‘ਤੇ ਕਿਸਾਨਾਂ ਦੀ ਉਦੇਖੀ ਦਾ ਇਲਜ਼ਾਮ ਲਾਇਆ।
ਮੰਤਰੀ ਧਾਲੀਵਾਲ ਨੇ ਕੀਤਾ ਵਿਰੋਧ
ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਦਾ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਕੇਂਦਰ ਸਰਕਾਰ ਨੇ ਸੱਦਿਆ ਸੀ ਅਤੇ ਪੰਜਾਬ ਸਰਕਾਰ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ। ਉਨ੍ਹਾਂ ਬਾਜਵਾ ਨੂੰ ਗੱਲਬਾਤ ਦੌਰਾਨ ਗਲਤ ਜਾਣਕਾਰੀ ਨਾ ਫੈਲਾਉਣ ਦੀ ਚੇਤਾਵਨੀ ਦਿੱਤੀ।ਧਾਲੀਵਾਲ ਨੇ ਅਕਾਲੀ ਦਲ ਅਤੇ ਕਾਂਗਰਸ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਵਿਰੋਧੀ ਧਿਰ ਸਦਨ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਕਿਸਾਨਾਂ ਦੀਆਂ ਟਰਾਲੀਆਂ ਚੁੱਕਣ ਦੀ ਗੱਲ ਬਿਲਕੁਲ ਗਲਤ ਹੈ। ਜਦੋਂ ਬਾਜਵਾ ਨੇ ਪੰਜਾਬ ‘ਚ ਨਸ਼ਿਆਂ ਦੇ ਮੁੱਦੇ ‘ਤੇ ਸਰਕਾਰ ਦੀ ਨੀਤੀ ‘ਤੇ ਸਵਾਲ ਉਠਾਏ, ਤਾਂ ਧਾਲੀਵਾਲ ਨੇ ਗੁੱਸੇ ‘ਚ ਆ ਕੇ ਉਨ੍ਹਾਂ ਦੇ ਦੋਸ਼ਾਂ ਨੂੰ ਨਕਾਰ ਦਿੱਤਾ।
ਬਾਜਵਾ ਨੇ ਨਸ਼ਿਆਂ ਦੇ ਮੁੱਦੇ ‘ਤੇ ਚੁੱਕੇ ਸਵਾਲ
ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਨੀਤੀ ‘ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਪਿਛਲੇ 3 ਸਾਲਾਂ ‘ਚ ਸਰਕਾਰ ਨੇ ਨਸ਼ਾ ਤਸਕਰਾਂ ਖ਼ਿਲਾਫ਼ ਕੋਈ ਵੱਡੀ ਕਾਰਵਾਈ ਨਹੀਂ ਕੀਤੀ, ਪਰ ਹੁਣ ਜਦੋਂ ਉਨ੍ਹਾਂ ਦੇ ਘਰ ਢਾਹੇ ਜਾ ਰਹੇ ਹਨ, ਤਾਂ ਸਰਕਾਰ ਸਿਰਫ਼ ਖ਼ਾਲੀ ਅਤੇ ਬੇਕਾਰ ਘਰਾਂ ਨੂੰ ਹੀ ਨਿਸ਼ਾਨਾ ਬਣਾ ਰਹੀ ਹੈ।
‘ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਨ ਵਾਲੇ DSP ‘ਤੇ ਕਾਰਵਾਈ ਕਿਉਂ ਨਹੀਂ?’
ਬਾਜਵਾ ਨੇ ਪੁਲਿਸ ਅਧਿਕਾਰੀ ਗੁਰਸ਼ੇਰ ਸਿੰਘ, ਜਿਸ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ, ਉਸ ਦੇ ਘਰ ‘ਤੇ ਕਾਰਵਾਈ ਨਾ ਹੋਣ ‘ਤੇ ਵੀ ਪ੍ਰਸ਼ਨ ਚੁੱਕੇ। ਉਨ੍ਹਾਂ ਪੁੱਛਿਆ ਕਿ ਕਿਉਂ ਸਰਕਾਰ ਉਨ੍ਹਾਂ ਤਕ ਨਹੀਂ ਪਹੁੰਚ ਰਹੀ।
ਧਾਲੀਵਾਲ ਦਾ ਕਰਾਰਾ ਜਵਾਬ
ਧਾਲੀਵਾਲ ਨੇ ਤਿੱਖਾ ਜਵਾਬ ਦਿੰਦਿਆਂ ਕਿਹਾ ਕਿ ਸਰਕਾਰ ਦੇ ਹਾਲੇ 2 ਸਾਲ ਬਾਕੀ ਹਨ। ਉਨ੍ਹਾਂ ਬਾਜਵਾ ਨੂੰ ਤੰਨ ਕੀਤਾ ਕਿ ਤੁਸੀਂ ਕਿਉਂ ਘਬਰਾਉਂਦੇ ਹੋ? ਸਾਡੀ ਸਰਕਾਰ ਹਰ ਨਸ਼ਾ ਤਸਕਰ ਅਤੇ ਗੈਂਗਸਟਰ ‘ਤੇ ਕਾਰਵਾਈ ਕਰੇਗੀ।ਇਸ ਗਰਮਾਗਰਮੀ ਕਾਰਨ ਵਿਧਾਨ ਸਭਾ ‘ਚ ਕੁਝ ਸਮੇਂ ਲਈ ਹੰਗਾਮੇ ਦੀ ਸਥਿਤੀ ਬਣ ਗਈ, ਪਰ ਬਾਅਦ ‘ਚ ਬਹਿਸ ਮੁੜ ਸ਼ੁਰੂ ਹੋ ਗਈ।
