ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕਾ ਸਰਕਾਰ ਨੇ ਸ਼ਨੀਵਾਰ ਨੂੰ ਸਮਾਰਟਫੋਨ ਅਤੇ ਕੰਪਿਊਟਰਾਂ ‘ਤੇ ਲੱਗਦੇ ਨਵੇਂ ਟੈਰਿਫ ਤੋਂ ਛੋਟ ਦੇਣ ਦਾ ਐਲਾਨ ਕਰ ਦਿੱਤਾ ਹੈ। ਇਹ ਫ਼ੈਸਲਾ ਵਿਸ਼ਵਵਿਆਪੀ ਇਲੈਕਟ੍ਰਾਨਿਕਸ ਉਦਯੋਗ, ਖਾਸ ਕਰਕੇ ਭਾਰਤ ਵਰਗੇ ਦੇਸ਼ਾਂ ਲਈ ਵੱਡੀ ਰਾਹਤ ਲੈ ਕੇ ਆਇਆ ਹੈ।
ਯੂਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵੱਲੋਂ ਜਾਰੀ ਨੋਟਿਸ ਮੁਤਾਬਕ, ਹੁਣ ਇਹ ਉਤਪਾਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੀਨ ਸਮੇਤ ਹੋਰ ਦੇਸ਼ਾਂ ‘ਤੇ ਲਾਏ ਗਏ 10% ਗਲੋਬਲ ਟੈਰਿਫ ਅਤੇ 145% ਦੇ ਵੱਡੇ ਚੀਨੀ ਟੈਰਿਫ ਤੋਂ ਬਾਹਰ ਰਹਿਣਗੇ। ਇਹ ਛੋਟ 5 ਅਪ੍ਰੈਲ ਤੋਂ ਅਮਰੀਕਾ ਵਿੱਚ ਪਹੁੰਚ ਰਹੇ ਜਾਂ ਉਥਲੇ ਗੋਦਾਮਾਂ ਤੋਂ ਨਿਕਲ ਰਹੇ ਉਤਪਾਦਾਂ ‘ਤੇ ਲਾਗੂ ਹੋਵੇਗੀ।
ਇਸ ਛੋਟ ਵਿੱਚ ਸਮਾਰਟਫੋਨ, ਕੰਪਿਊਟਰ, ਸੈਮੀਕੰਡਕਟਰ, ਸੋਲਰ ਸੈੱਲ, ਮੈਮਰੀ ਕਾਰਡ ਅਤੇ ਹੋਰ ਇਲੈਕਟ੍ਰਾਨਿਕ ਕੰਪੋਨੈਂਟ ਵੀ ਸ਼ਾਮਲ ਹਨ। ਇਹ ਕਦਮ ਐਪਲ ਵਰਗੀਆਂ ਵੱਡੀਆਂ ਤਕਨੀਕੀ ਕੰਪਨੀਆਂ ਲਈ ਵੀ ਮਦਦਗਾਰ ਸਾਬਤ ਹੋਵੇਗਾ, ਜੋ ਚੀਨ ਵਿਚ ਆਪਣਾ ਉਤਪਾਦਨ ਕਰਦੀਆਂ ਹਨ।
ਇਹ ਐਲਾਨ ਉਸ ਸਮੇਂ ਆਇਆ ਹੈ ਜਦੋਂ ਟਰੰਪ ਪ੍ਰਸ਼ਾਸਨ ਨੇ ਚੀਨੀ ਸਮਾਨ ਉੱਤੇ 145% ਦੀ ਘੱਟੋ-ਘੱਟ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਰਾਸ਼ਟਰਪਤੀ ਟਰੰਪ ਨੇ ਵੀ ਹਾਲ ਹੀ ਵਿੱਚ ਇਸ਼ਾਰਾ ਦਿੱਤਾ ਸੀ ਕਿ ਕੁਝ ਅਪਵਾਦ ਹੋ ਸਕਦੇ ਹਨ, ਪਰ 10% ਟੈਰਿਫ ਇੱਕ ਆਖ਼ਰੀ ਹੱਦ ਹੋ ਸਕਦੀ ਹੈ।
ਇਸ ਤਰ੍ਹਾਂ ਦੀ ਛੋਟ ਨਾ ਸਿਰਫ਼ ਵਪਾਰਕ ਤਣਾਅ ਨੂੰ ਘਟਾਏਗੀ, ਸਗੋਂ ਭਾਰਤ ਅਤੇ ਅਮਰੀਕਾ ਦਰਮਿਆਨ ਚੱਲ ਰਹੇ ਵਪਾਰਕ ਸੰਬੰਧਾਂ ਨੂੰ ਹੋਰ ਮਜ਼ਬੂਤੀ ਦੇਵੇਗੀ। ਅਧਿਕਾਰਤ ਸੂਤਰਾਂ ਅਨੁਸਾਰ, ਦੋਵਾਂ ਦੇਸ਼ਾਂ ਵਿਚਕਾਰ ਵਪਾਰ ਸਮਝੌਤਾ ਵੀ 90 ਦਿਨਾਂ ਦੀ ਟੈਰਿਫ-ਰੋਜ਼ ਮਿਆਦ ਵਿੱਚ ਪੂਰਾ ਹੋ ਸਕਦਾ ਹੈ। ਇਸ ਸਮਝੌਤੇ ਲਈ ਅੰਤਿਮ ਗੱਲਬਾਤ ਵੀਡੀਓ ਕਾਨਫਰੰਸ ਰਾਹੀਂ ਹੋਣ ਦੀ ਸੰਭਾਵਨਾ ਹੈ, ਹਾਲਾਂਕਿ ਜ਼ਰੂਰਤ ਪੈਣ ‘ਤੇ ਭਾਰਤੀ ਜਾਂ ਅਮਰੀਕੀ ਵਫਦ ਇਕ ਦੂਜੇ ਦੇ ਦੇਸ਼ ਵੀ ਜਾ ਸਕਦੇ ਹਨ।
ਇਹ ਫ਼ੈਸਲਾ ਵਿਸ਼ਵ ਪੱਧਰ ‘ਤੇ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਲਈ ਵੱਡਾ ਮੌਕਾ ਸਾਬਤ ਹੋ ਸਕਦਾ ਹੈ, ਜੋ ਚੀਨ ਤੋਂ ਇਲਾਵਾ ਹੋਰ ਵਿਕਲਪਾਂ ਦੀ ਭਾਲ ਕਰ ਰਹੀਆਂ ਹਨ।
