ਭਾਖੜਾ-ਪੌਂਗ ਡੈਮਾਂ ‘ਚ ਪਾਣੀ ਦਾ ਪੱਧਰ ਔਸਤ ਤੋਂ ਹੇਠਾਂ, BBMB ਨੇ ਸੂਬਿਆਂ ਨੂੰ ਪਾਣੀ ਦੀ ਮੰਗ ਘਟਾਉਣ ਲਈ ਕਿਹਾ

ਗੁਰਪ੍ਰੀਤ ਸਿੰਘ :- ਭਾਖੜਾ ਅਤੇ ਪੌਂਗ ਡੈਮਾਂ ਵਿੱਚ ਪਾਣੀ ਦਾ ਪੱਧਰ ਔਸਤ ਤੋਂ ਹੇਠਾਂ ਰਹਿਣ ਕਾਰਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਨੇ ਪੰਜਾਬ ਸਮੇਤ ਸਹਿਯੋਗੀ ਸੂਬਿਆਂ ਨੂੰ ਪਾਣੀ ਦੀ ਮੰਗ ਘਟਾਉਣ ਅਤੇ ਪਾਣੀ ਦੀ ਸੰਭਾਲ ਕਰਨ ਲਈ ਕਿਹਾ ਹੈ। BBMB ਦੇ ਤਾਜ਼ਾ ਅੰਕੜਿਆਂ ਮੁਤਾਬਕ 10 ਸਤੰਬਰ ਸਵੇਰੇ ਭਾਖੜਾ ਦਾ ਪੱਧਰ 1643.75 ਫੁੱਟ ਅਤੇ ਪੌਂਗ ਦਾ 1372.47 ਫੁੱਟ ਦਰਜ ਕੀਤਾ ਗਿਆ।

BBMB ਨੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਨੂੰ ਨਵੀਂ ਅਤੇ ਘੱਟ ਪਾਣੀ ਦੀ ਲੋੜ ਸਬੰਧੀ ਸ਼ਡਿਊਲ ਦੇਣ ਲਈ ਕਿਹਾ ਹੈ। ਮੌਜੂਦਾ ਸਮੇਂ ਤਿੰਨੇ ਸੂਬੇ ਭਾਖੜਾ-ਪੌਂਗ ਸਿਸਟਮ ਤੋਂ ਕੁੱਲ ਕਰੀਬ 39 ਹਜ਼ਾਰ ਕਿਊਸਿਕ ਪਾਣੀ ਲੈ ਰਹੇ ਹਨ। ਇਸ ਵਿੱਚ ਪੰਜਾਬ ਦੀ ਹਿੱਸੇਦਾਰੀ ਕਰੀਬ 17 ਹਜ਼ਾਰ ਕਿਊਸਿਕ ਹੈ।

ਭਾਖੜਾ ਡੈਮ ਦਾ ਵੱਧ ਤੋਂ ਵੱਧ ਭਰਨ ਪੱਧਰ 1680 ਫੁੱਟ ਹੈ। ਮੌਜੂਦਾ ਪੱਧਰ ਔਸਤ ਤੋਂ ਕਰੀਬ 20 ਫੁੱਟ ਹੇਠਾਂ ਦੱਸਿਆ ਗਿਆ ਹੈ। BBMB ਦਾ ਟੀਚਾ ਹੈ ਕਿ 20 ਸਤੰਬਰ ਤੱਕ ਭਾਖੜਾ ਦਾ ਪਾਣੀ ਪੱਧਰ ਘੱਟੋ-ਘੱਟ 1650 ਫੁੱਟ ਤੱਕ ਪਹੁੰਚੇ।

BBMB ਅਧਿਕਾਰੀਆਂ ਮੁਤਾਬਕ ਡੈਮਾਂ ਵਿੱਚ ਪਾਣੀ ਦੀ ਆਮਦ ਹੁਣ ਘਟ ਰਹੀ ਹੈ। ਜੇ ਇਹ ਰੁਝਾਨ ਜਾਰੀ ਰਿਹਾ ਤਾਂ ਕੁਝ ਦਿਨਾਂ ਵਿੱਚ ਪਾਣੀ ਦੀ ਆਮਦ ਅਤੇ ਬਾਹਰ ਨਿਕਾਸ ਲਗਭਗ ਬਰਾਬਰ ਹੋ ਸਕਦੇ ਹਨ, ਜਿਸ ਨਾਲ ਪਾਣੀ ਦਾ ਪੱਧਰ ਵਧਾਉਣ ਦੀ ਗੁੰਜਾਇਸ਼ ਬਹੁਤ ਘੱਟ ਰਹਿ ਜਾਵੇਗੀ। ਇਸ ਲਈ ਆਉਣ ਵਾਲੇ ਸੁੱਕੇ ਮਹੀਨਿਆਂ ਵਿੱਚ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀ ਲੋੜ ਪੂਰੀ ਕਰਨ ਲਈ ਹੁਣ ਤੋਂ ਪਾਣੀ ਬਚਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ।

By Gurpreet Singh

Leave a Reply

Your email address will not be published. Required fields are marked *