ਨੇਪਾਲ ਵਿੱਚ ਸੋਮਵਾਰ ਤੋਂ ਸਰਕਾਰ ਵੱਲੋਂ ਸੋਸ਼ਲ ਮੀਡੀਆ ‘ਤੇ ਲਗਾਏ ਗਏ ਬੈਨ ਮਗਰੋਂ ਦੇਸ਼ ‘ਚ ਲਗਾਤਾਰ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ। ਸਿਆਸੀ ਉਥਲ-ਪੁਥਲ ਅਤੇ ਜੈਨ-ਜ਼ੀ ਵੱਲੋਂ ਕੀਤੇ ਗਏ ਹਿੰਸਕ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਨੇਪਾਲ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਜੈਨ-ਜ਼ੀ ਨੇ ਪ੍ਰਸ਼ਾਸਨ ਨਾਲ ਮੀਟਿੰਗ ਮਗਰੋਂ ਪ੍ਰਧਾਨ ਮੰਤਰੀ ਵਜੋਂ ਸੁਸ਼ੀਲਾ ਕਾਰਕੀ ਦੇ ਨਾਂ ਨੂੰ ਰੱਦ ਕਰ ਦਿੱਤਾ ਹੈ।
ਜੈਨ-ਜ਼ੀ ਦੇ ਆਗੂਆਂ ਨੇ ਇੰਜੀਨੀਅਰ ਕੁਲਮਨ ਘਿਸਿੰਗ ਦਾ ਨਾਂ ਨੇਪਾਲ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਾਹਮਣੇ ਰੱਖਿਆ ਹੈ, ਜਿਸ ਮਗਰੋਂ ਘਿਸਿੰਗ ਅੰਤਰਿਮ ਸਰਕਾਰ ਦੀ ਅਗਵਾਈ ਕਰਨ ਦੀ ਦੌੜ ਵਿੱਚ ਸ਼ਾਮਲ ਹੋ ਗਏ ਹਨ।
ਇਸ ਤੋਂ ਪਹਿਲਾਂ ਸਾਬਕਾ ਚੀਫ਼ ਜਸਟਿਸ ਸੁਸ਼ੀਲਾ ਕਾਰਕੀ ਦਾ ਨਾਂ ਜੈਨ-ਜ਼ੀ ਦੇ ਆਗੂਆਂ ਵੱਲੋਂ ਅੱਗੇ ਰੱਖਿਆ ਗਿਆ ਸੀ, ਪਰ ਫਿਰ ਉਨ੍ਹਾਂ ਦੇ ਨਾਂ ਦਾ ਜੈਨ-ਜ਼ੀ ਦੇ ਆਗੂਆਂ ‘ਚ ਹੀ ਵਿਰੋਧ ਹੋਣ ਲੱਗ ਪਿਆ, ਜਿਸ ਤੋਂ ਬਾਅਦ ਸੁਸ਼ੀਲਾ ਦਾ ਨਾਂ ਵਾਪਸ ਲੈ ਕੇ ਹੁਣ ਕੁਲਮਨ ਘਿਸਿੰਗ ਦਾ ਨਾਂ ਅੱਗੇ ਰੱਖਿਆ ਗਿਆ ਹੈ।

ਇਸ ਸਬੰਧੀ ਜੈਨ-ਜ਼ੀ ਗਰੁੱਪ ਦੇ ਨਾਂ ‘ਤੇ ਇੱਕ ਪ੍ਰੈੱਸ ਰਿਲੀਜ਼ ਵੀ ਸਾਹਮਣੇ ਆਈ ਹੈ, ਜਿਸ ਵਿੱਚ ਲਿਖਿਆ ਹੈ ਕਿ “ਸੰਵਿਧਾਨ ਦੇ ਅਨੁਸਾਰ ਸਾਬਕਾ ਚੀਫ਼ ਜਸਟਿਸ ਅਤੇ ਜੱਜ ਇਸ ਅਹੁਦੇ ‘ਤੇ ਨਿਯੁਕਤੀ ਦੇ ਯੋਗ ਨਹੀਂ ਹਨ। ਨਾਲ ਹੀ 70 ਸਾਲ ਤੋਂ ਵੱਧ ਉਮਰ ਹੋਣ ਕਰ ਕੇ, ਉਹ ਜੈਨ-ਜ਼ੀ ਦੀ ਅਗਵਾਈ ਨਹੀਂ ਕਰ ਸਕਦੀ। ਇਸ ਕਾਰਨ ਉਨ੍ਹਾਂ ਦਾ ਨਾਂ ਰੱਦ ਕਰ ਦਿੱਤਾ ਗਿਆ ਹੈ।”
ਇਸ ਬਿਆਨ ‘ਚ ਅੱਗੇ ਲਿਖਿਆ ਗਿਆ ਹੈ, “ਬਲੇਂਦਰ ਸ਼ਾਹ ਨੇ ਦਿਲਚਸਪੀ ਨਹੀਂ ਦਿਖਾਈ, ਹਰਕ ਸੰਪਾਂਗ ਦੇ ਸਰਕਾਰ ਦੀ ਅਗਵਾਈ ਕਰਨ ਦੀ ਸੰਭਾਵਨਾ ਘੱਟ ਹੈ ਅਤੇ ਸੁਸ਼ੀਲਾ ਕਾਰਕੀ ਅਸਮਰੱਥ ਹੈ ਅਤੇ 70 ਸਾਲ ਤੋਂ ਵੱਧ ਉਮਰ ਦੀ ਹੈ। ਇਸ ਲਈ ਕੁਲਮਨ ਘਿਸਿੰਗ, ਜੋ ਕਿ ਇੱਕ ਦੇਸ਼ ਭਗਤ ਅਤੇ ਸਾਰਿਆਂ ਦੇ ਪਸੰਦੀਦਾ ਇੰਜੀਨੀਅਰ ਹਨ ਤੇ ਜਿਨ੍ਹਾਂ ਨੇ ਨੇਪਾਲ ਨੂੰ ਲੋਡ ਸ਼ੈਡਿੰਗ ਤੋਂ ਮੁਕਤ ਕੀਤਾ, ਨੂੰ ਅੰਤਰਿਮ ਸਰਕਾਰ ਦੀ ਅਗਵਾਈ ਕਰਨ ਲਈ ਅੱਗੇ ਭੇਜਣ ਦਾ ਫੈਸਲਾ ਕੀਤਾ ਗਿਆ ਹੈ।”
