ਨੈਸ਼ਨਲ ਟਾਈਮਜ਼ ਬਿਊਰੋ :- ਬਠਿੰਡਾ ਸ਼ਹਿਰ ਵਿੱਚ ਹੋਟ ਸਪੋਟ ਵਜੋਂ ਜਾਣੀ ਜਾਂਦੀ ਬਸਤੀ ਧੋਬੀਆਣਾ ਜਿੱਥੇ ਵੱਡੇ ਪੱਧਰ ਉਤੇ ਨਸ਼ਾ ਤਸਕਰੀ ਅਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ। ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਬੀਡੀਏ ਬਠਿੰਡਾ ਡਿਵੈਲਪਮੈਂਟ ਅਥਾਰਟੀ ਵੱਲੋਂ ਇਨ੍ਹਾਂ ਲੋਕਾਂ ਨੂੰ ਨਾਜਾਇਜ਼ ਕਬਜ਼ਿਆਂ ਦੇ ਨੋਟਿਸ ਦੇਣ ਤੋਂ ਬਾਅਦ ਲਗਾਤਾਰ ਨਸ਼ਾ ਤਸਕਰਾਂ ਵੱਲੋਂ ਨਾਜਾਇਜ਼ ਤੌਰ ਉਤੇ ਬਣਾਏ ਘਰਾਂ ਉਤੇ ਪੁਲਿਸ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਿਆ।
ਪਿਛਲੇ ਕੁਝ ਦਿਨ ਪਹਿਲਾਂ ਵੀ ਇਸੇ ਏਰੀਏ ਵਿੱਚ ਦੋ ਘਰ ਢਾਏ ਗਏ ਸੀ। ਅੱਜ ਫਿਰ ਦੋ ਘਰ ਤੋੜੇ ਗਏ ਹਨ। ਇਨ੍ਹਾਂ ਲੋਕਾਂ ਉੱਪਰ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ ਅਤੇ ਨਜਾਇਜ਼ ਤੌਰ ਉਤੇ ਬੀਡੀਏ ਦੀ ਜਗ੍ਹਾ ਉੱਪਰ ਕਬਜ਼ਾ ਕੀਤਾ ਹੋਇਆ ਸੀ। ਐਸਪੀਡੀ ਜਸਮੀਤ ਸਿੰਘ ਨੇ ਦੱਸਿਆ ਕਿ ਸਰਕਾਰ ਦੁਆਰਾ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਤਸਕਰ ਵੱਲੋਂ ਨਾਜਾਇਜ਼ ਤੌਰ ਉਤੇ ਬਣਾਈ ਗਈ ਜਾਇਦਾਦ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਇਨ੍ਹਾਂ ਵੱਲੋਂ ਸਰਕਾਰ ਦਾ ਅਦਾਰਾ ਬੀਡੀਏ ਦੀ ਜਗ੍ਹਾ ਉੱਪਰ ਨਜਾਇਜ਼ ਉਸਾਰੀਆਂ ਕੀਤੀਆਂ ਹੋਈਆਂ ਸਨ ਜਿਨਾਂ ਨੂੰ ਤੋੜਿਆ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਮੁਹਿੰਮ ਇਸੇ ਤਰ੍ਹਾਂ ਚੱਲਦੀ ਰਹੇਗੀ। ਮੌਕੇ ਉਤੇ ਪੁੱਜੇ ਬੀਡੀਏ ਦੇ ਐਡਮਿਨਿਸਟਰੇਟਰ ਐਸਡੀਐਮ ਬਲਕਰਨ ਸਿੰਘ ਮਾਹਲ ਨੇ ਜ਼ੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨਸ਼ਾ ਤਸਕਰਾਂ ਵੱਲੋਂ ਨਜਾਇਜ਼ ਕਬਜ਼ੇ ਕਰਕੇ ਉਸਾਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਲੋਕਾਂ ਨੂੰ ਲਗਾਤਾਰ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਘਰ ਢਾਹੇ ਜਾ ਰਹੇ ਹਨ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਸਾਡੇ ਕੋਲੇ ਮੁਲਾਜ਼ਮਾਂ ਦੀ ਘਾਟ ਸੀ ਜਿਸ ਕਾਰਨ ਕਰਕੇ ਇਨ੍ਹਾਂ ਲੋਕਾਂ ਨੇ ਨਾਜਾਇਜ਼ ਕਬਜ਼ੇ ਕਰ ਲਏ ਪਰ ਹੁਣ ਕਿਸੇ ਨੇ ਵੀ ਕੋਈ ਨਾਜਾਇਜ਼ ਕਬਜ਼ਾ ਕੀਤਾ ਤਾਂ ਉਸ ਦੇ ਨਾਲ-ਨਾਲ ਮੁਲਾਜ਼ਮਾਂ ਜਾਂ ਅਧਿਕਾਰੀਆਂ ਉਤੇ ਵੀ ਕਾਰਵਾਈ ਕੀਤੀ ਜਾਵੇਗੀ।
