ਜਲਾਲਾਬਾਦ ‘ਚ ਨਾਕਾ ਤੋੜ ਕੇ ਭੱਜੇ ਨੌਜਵਾਨ, ਪੁਲਿਸ ਨੇ ਕੀਤਾ ਫ਼ਿਲਮੀ ਅੰਦਾਜ਼ ‘ਚ ਕੀਤਾ ਕਾਬੂ

ਗੁਰਪ੍ਰੀਤ ਸਿੰਘ :- ਜਲਾਲਾਬਾਦ ਦੇ ਸ਼ਹੀਦ ਉਧਮ ਸਿੰਘ ਚੌਂਕ ਵਿੱਚ ਪੁਲਿਸ ਨਾਕੇ ਦੌਰਾਨ ਭੱਜਣ ਦੀ ਕੋਸ਼ਿਸ਼ ਕਰਦੇ ਤਿੰਨ ਬਾਈਕ ਸਵਾਰ ਨੌਜਵਾਨਾਂ ਨੂੰ ਪੁਲਿਸ ਨੇ ਪਿੱਛਾ ਕਰਦੇ ਹੋਏ ਕਾਬੂ ਕਰ ਲਿਆ। ਸਰੇਆਮ ਬਾਜ਼ਾਰ ਵਿੱਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਤਿੰਨਾਂ ਨੂੰ ਹਿਰਾਸਤ ਵਿੱਚ ਲੈ ਕੇ ਪੁਲਿਸ ਗੱਡੀ ਰਾਹੀਂ ਸਿਟੀ ਥਾਣੇ ਪਹੁੰਚਾਇਆ।

ਜਾਣਕਾਰੀ ਮੁਤਾਬਕ ਜਿਸ ਮੋਟਰਸਾਈਕਲ ‘ਤੇ ਨੌਜਵਾਨ ਸਵਾਰ ਸਨ, ਉਸ ‘ਤੇ ਕੋਈ ਰਜਿਸਟ੍ਰੇਸ਼ਨ ਨੰਬਰ ਨਹੀਂ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਪਾਏ ਜਾਣ ‘ਤੇ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ।

ਸਿਟੀ ਥਾਣਾ ਜਲਾਲਾਬਾਦ ਦੇ ਐਸ.ਐਚ.ਓ. ਅੰਗਰੇਜ਼ ਕੁਮਾਰ ਨੇ ਦੱਸਿਆ ਕਿ ਸ਼ਹੀਦ ਉਧਮ ਸਿੰਘ ਚੌਂਕ ਵਿੱਚ 24 ਘੰਟੇ ਨਾਕਾਬੰਦੀ ਕੀਤੀ ਗਈ ਹੈ। ਨਸ਼ੇ ਅਤੇ ਗੈਂਗਸਟਰਾਂ ਖ਼ਿਲਾਫ਼ ਚੱਲ ਰਹੇ ਵਿਸ਼ੇਸ਼ ਅਭਿਆਨ ਤਹਿਤ ਹਰ ਆਉਣ-ਜਾਣ ਵਾਲੇ ਵਾਹਨ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਅਣਚਾਹੀ ਘਟਨਾ ਨਾ ਵਾਪਰੇ।

ਉਨ੍ਹਾਂ ਦੱਸਿਆ ਕਿ ਨਾਕੇ ਦੌਰਾਨ ਬਾਈਕ ਸਵਾਰ ਤਿੰਨ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਉਹ ਪੁਲਿਸ ਕਰਮਚਾਰੀ ਨੂੰ ਟੱਕਰ ਮਾਰਦੇ ਹੋਏ ਫਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗੇ। ਪੁਲਿਸ ਨੇ ਤੁਰੰਤ ਪਿੱਛਾ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਇਸ ਦੌਰਾਨ ਬਾਈਕ ਸਵਾਰ ਨੌਜਵਾਨ ਡਿੱਗ ਪਏ, ਜਦਕਿ ਇੱਕ ਨੌਜਵਾਨ ਅਨਾਜ ਮੰਡੀ ਦੇ ਗੇਟ ਵੱਲ ਭੱਜਿਆ ਜਿਸ ਨੂੰ ਵੀ ਕੁਝ ਹੀ ਸਮੇਂ ਵਿੱਚ ਕਾਬੂ ਕਰ ਲਿਆ ਗਿਆ।

ਪੁਲਿਸ ਮੁਤਾਬਕ ਬਾਈਕ ਬਿਨਾਂ ਨੰਬਰ ਦੀ ਹੈ, ਜਿਸ ਦੀ ਤਸਦੀਕ ਕੀਤੀ ਜਾ ਰਹੀ ਹੈ। ਤਿੰਨਾਂ ਨੌਜਵਾਨਾਂ ਨੂੰ ਪੁੱਛਗਿੱਛ ਲਈ ਸਿਟੀ ਥਾਣੇ ਲਿਆਂਦਾ ਗਿਆ ਹੈ। ਜਾਂਚ ਦੌਰਾਨ ਦੋਸ਼ੀ ਸਾਬਤ ਹੋਣ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

By Gurpreet Singh

Leave a Reply

Your email address will not be published. Required fields are marked *