ਨੈਸ਼ਨਲ ਟਾਈਮਜ਼ ਬਿਊਰੋ :- ਪੀਲ ਪੁਲਿਸ ਨੇ ਮੰਗਲਵਾਰ ਨੂੰ ਦੱਸਿਆ ਕਿ ਛੇ ਬਾਲਗ਼ਾਂ ਅਤੇ ਛੇ ਨਾਬਾਲਗ਼ਾਂ ਦੇ ਖਿਲਾਫ ਲੋਕਾਂ ਦੇ ਘਰਾਂ ਵਿਚ ਜਬਰਨ ਦਾਖ਼ਲ ਹੋਣ ਅਤੇ ਗਹਿਣੇ ਦੀਆਂ ਦੁਕਾਨਾਂ ਦੀਆਂ ਲੁਟਾਂ ਨਾਲ ਜੁੜੇ ਕੁੱਲ 136 ਮਾਮਲੇ ਦਰਜ ਕੀਤੇ ਗਏ ਹਨ।
ਪੁਲਿਸ ਨੇ ਕਿਹਾ ਕਿ ਪ੍ਰੋਜੈਕਟ ਨਾਈਟ ਟਰੇਨ
ਤਹਿਤ ਇਹ ਜਾਂਚ ਮਈ ਅਤੇ ਦਸੰਬਰ 2024 ਦਰਮਿਆਨ ਵਾਪਰੀਆਂ 17 ਹਿੰਸਕ ਵਾਰਦਾਤਾਂ ‘ਤੇ ਕੇਂਦਰਿਤ ਸੀ।
ਇਕ ਘਟਨਾ 15 ਅਕਤੂਬਰ ਨੂੰ ਹੋਈ ਜਿੱਥੇ ਪੁਲਿਸ ਦਾ ਕਹਿਣਾ ਹੈ ਕਿ ਤਿੰਨ ਸ਼ੱਕੀ ਵਿਅਕਤੀ ਮਿਸਿਸਾਗਾ ਦੇ ਇਕ ਘਰ ਵਿੱਚ ਜਬਰਨ ਦਾਖ਼ਲ ਹੋਏ ਜਿੱਥੇ ਉਹਨਾਂ ਦਾ ਝਗੜਾ ਵੀ ਹੋਇਆ। ਇਸ ਦੌਰਾਨ ਇਕ ਪੀੜਤ ਨੂੰ ਛਾਤੀ ਵਿੱਚ ਗੋਲੀ ਮਾਰੀ ਗਈ। ਹਾਲਾਂਕਿ ਪੀੜਤ ਦੀ ਜਾਨ ਬਚ ਗਈ ਸੀ।
ਇੱਕ ਹੋਰ ਘਟਨਾ 22 ਅਕਤੂਬਰ ਨੂੰ ਹੋਈ, ਜਿਸ ਵਿੱਚ ਦੋ ਸ਼ੱਕੀ ਵਿਅਕਤੀ ਬ੍ਰੈਂਪਟਨ ਦੇ ਇੱਕ ਘਰ ਵਿੱਚ ਜਬਰਨ ਦਾਖ਼ਲ ਹੋਏ ਅਤੇ ਲਗਜ਼ਰੀ ਕਾਰ ਦੀਆਂ ਚਾਬੀਆਂ ਮੰਗੀਆਂ। ਇਸ ਦੌਰਾਨ ਸ਼ੱਕੀਆਂ ਨੇ ਉਸ ਘਰ ਵਿਚ ਮੌਜੂਦ ਇੱਕ ਵਿਅਕਤੀ ਨੂੰ ਇੰਨਾ ਕੁੱਟਿਆ ਕਿ ਉਹ ਬੇਹੋਸ਼ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਸ਼ੱਕੀ ਵਿਅਕਤੀਆਂ ਵਿੱਚੋਂ ਇੱਕ ਨੇ ਇੱਕ ਹੋਰ ਪੀੜਤ ‘ਤੇ ਬੈਕ ਕਰਦਿਆਂ ਕਾਰ ਚੜ੍ਹਾ ਦਿੱਤੀ ਸੀ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜਖਮੀ ਹੋਇਆ, ਪਰ ਹੁਣ ਉਸਦੇ ਰਿਕਵਰ ਹੋਣ ਦੀ ਉਮੀਦ ਹੈ।
ਪੁਲਿਸ ਨੇ ਕਿਹਾ ਕਿ ਇਹ 12 ਸ਼ੱਕੀ ਵਿਅਕਤੀ 15 ਤੋਂ 30 ਸਾਲ ਦੀ ਉਮਰ ਵਿੱਚ ਹਨ ਅਤੇ ਉਨ੍ਹਾਂ ‘ਤੇ ਕਤਲ ਦੀ ਕੋਸ਼ਿਸ਼, ਲੁੱਟ, ਹਥਿਆਰਾਂ ਨਾਲ ਜੁੜੇ ਅਪਰਾਧ ਅਤੇ ਚੋਰੀ ਨਾਲ ਹਾਸਲ ਕੀਤੀ ਸੰਪਤੀ ਰੱਖਣ ਸਮੇਤ ਹੋਰ ਕਈ ਮਾਮਲੇ ਦਰਜ ਕੀਤੇ ਗਏ ਹਨ।
ਪੁਲਿਸ ਨੇ ਦੱਸਿਆ ਕਿ ਇੱਕ ਸ਼ੱਕੀ ਵਿਅਕਤੀ ਫਰਾਰ ਹੈ ਪਰ ਉਸ ਦੇ ਖ਼ਿਲਾਫ਼ ਵਾਰੰਟ ਜਾਰੀ ਹੋ ਚੁੱਕੇ ਹਨ।
ਪੀਲ ਰੀਜਨਲ ਪੁਲਿਸ ਦੇ ਡਿਪਟੀ ਚੀਫ਼ ਨਿਕ ਮਿਲਿਨੋਵਿਕ ਨੇ ਕਿਹਾ ਕਿ ਪੀੜਤਾਂ ਤੋਂ 2 ਮਿਲੀਅਨ ਡਾਲਰ ਤੋਂ ਵੱਧ ਦੀ ਜਾਇਦਾਦ ਚੋਰੀ ਕੀਤੀ ਗਈ ਸੀ, ਜਿਸ ਵਿੱਚ ਗੱਡੀਆਂ ਅਤੇ ਗਹਿਣੇ ਸ਼ਾਮਿਲ ਹਨ, ਅਤੇ ਪੁਲਿਸ ਨੇ ਇਸ ਵਿੱਚੋਂ ਲਗਭਗ ਅੱਧੀ ਜਾਇਦਾਦ ਮੁੜ ਪ੍ਰਾਪਤ ਕਰ ਲਈ ਹੈ।
ਉਹਨਾਂ ਨੇ ਕਿਹਾ ਕਿ ਪੁਲਿਸ ਸ਼ਹਿਰ ਵਿਚ ਇਸ ਕਿਸਮ ਦੀਆਂ ਅਪਰਾਧਕ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕਰੇਗੀ।
ਮੰਗਲਵਾਰ ਨੂੰ ਇੱਕ ਨਿਊਜ਼ ਕਾਨਫ਼੍ਰੰਸ ਦੌਰਾਨ ਨਿਕ ਨੇ ਕਿਹਾ, ਜੇ ਤੁਸੀਂ ਸਾਡੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਲਈ ਪੀਲ ਆਉਂਦੇ ਹੋ, ਤਾਂ ਯਾਦ ਰੱਖਿਓ ਕਿ ਅਸੀਂ ਤੁਹਾਡੇ ਕੋਲ ਪਹੁੰਚਾਂਗੇ ਅਤੇ ਤੁਹਾਨੂੰ ਸਾਡੇ ਸ਼ਹਿਰ ਤੋਂ ਕੱਢਾਂਗੇ
।
ਅਸੀਂ ਹਿੰਸਕ ਅਪਰਾਧਾਂ, ਖਾਸ ਕਰਕੇ ਘਰਾਂ ਵਿੱਚ ਜਬਰਨ ਦਾਖ਼ਲ ਹੋਣ ਦੇ ਖਿਲਾਫ ਲੜਾਈ ਜਾਰੀ ਰੱਖਾਂਗੇ
।
