ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ-ਪਾਕਿਸਤਾਨ ਵਿਚਕਾਰ ਤਣਾਅ ਵਿਚਾਲੇ ਯੁੱਧ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੇ ਮੱਦੇਨਜ਼ਰ ਭਲਕੇ ਪੂਰੇ ਪੰਜਾਬ ‘ਚ ਰਾਤ 9 ਤੋਂ 9.30 ਵਜੇ ਤੱਕ ਹੂਟਰ ਵੱਜਣਗੇ ਅਤੇ ਮੌਕ ਡਰਿੱਲ ਕੀਤੀ ਜਾਵੇਗੀ ਅਤੇ ਬਲੈਕ ਆਊਟ ਹੋ ਜਾਵੇਗਾ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਭਲਕੇ ਮੌਕ ਡਰਿੱਲ ਦੇ ਮੱਦੇਨਜ਼ਰ ਫਿਰੋਜ਼ਪੁਰ ‘ਚ ਅੱਜ ਸ਼ਾਮ ਨੂੰ 7 ਵਜੇ ਤੋਂ 7.15 ਵਜੇ ਤੱਕ ਸਾਰੇ ਹੂਟਰ ਚਲਾ ਕੇ ਚੈੱਕ ਕੀਤੇ ਜਾਣਗੇ ਤਾਂ ਜੋ ਜੇਕਰ ਕੋਈ ਐਮਰਜੈਂਸੀ ਹੋਵੇ ਤਾਂ ਉਨ੍ਹਾਂ ਨੂੰ ਤੁਰੰਤ ਚਲਾਇਆ ਜਾ ਸਕੇ।
ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਇਹ ਸਿਰਫ ਇਕ ਅਭਿਆਸ ਹੈ। ਉਨ੍ਹਾਂ ਕਿਹਾ ਕਿ ਭਲਕੇ ਲੋਕ ਆਪਣੇ ਘਰਾਂ ‘ਚ ਰਹਿਣ ਅਤੇ ਆਪਣੀਆਂ ਲਾਈਟਾਂ, ਇਨਵਰਟਰ ਅਤੇ ਜਰਨੇਟਰ ਨਾ ਚਲਾਉਣ। ਉਨ੍ਹਾਂ ਕਿਹਾ ਕਿ ਪੂਰਾ ਪੁਲਸ ਪ੍ਰਸ਼ਾਸਨ ਸੜਕਾਂ ‘ਤੇ ਰਹੇਗਾ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਡਰਨ ਦੀ ਕੋਈ ਲੋੜ ਨਹੀਂ ਹੈ।
