ਮੋਹਾਲੀ, 25 ਫਰਵਰੀ (ਗੁਰਪ੍ਰੀਤ ਸਿੰਘ): ਡੇਰਾਬਸੀ ਬਲਾਕ ਵਿੱਚ ਸਰਕਾਰੀ ਜਮੀਨ ‘ਤੇ 30 ਤੋਂ 35 ਸਾਲ ਪੁਰਾਣੇ ਹਰੇ ਦਰਖਤ ਵੱਢ ਕੇ ਚੋਰੀ ਕਰਵਾਉਣ ਦੇ ਮਾਮਲੇ ਵਿੱਚ ਜਿਲ੍ਹਾ ਪ੍ਰਸ਼ਾਸਨ ਐੱਸ ਏ ਐੱਸ ਨਗਰ (ਮੋਹਾਲੀ) ਅਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵਿਰੁੱਧ ਕਾਰਵਾਈ ਦੀ ਮੰਗ ਉਠੀ ਹੈ।
ਜਿਸਦੇ ਚੱਲਦਿਆਂ ਸਤਨਾਮ ਸਿੰਘ ਉਰਫ਼ ਸਤਨਾਮ ਦਾਊਂ ਨੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਇਕ ਪੱਤਰ ਲਿਖਿਆ ਜਿਸ ਵਿਚ ਉਨ੍ਹਾਂ ਨੇ ਲਿਖਿਆ “ਪੰਜਾਬ ਸਰਕਾਰ ਵੱਲੋਂ ਮੇਰੀ ਸਿਕਾਇਤ ਤੇ ਕਾਰਵਾਈ ਕਰਦੇ ਹੋਏ ਮਿਤੀ 12/10/23 ਨੂੰ ਪੱਤਰ ਨੰਬਰ 12754 ਰਾਹੀਂ ਹੁਕਮ ਕੀਤੇ ਗਏ ਸਨ ਕਿ ਡਿਪਟੀ ਕਮਿਸ਼ਨਰ ਜਿਲ੍ਹੇ ਦੇ ਡੇਰਾਬਸੀ ਬਲਾਕ ਵਿਚਲੇ 29 ਪਿੰਡਾਂ ਦੀ 1843 ਏਕੜ ਸਰਕਾਰੀ ਜਮੀਨ ਨੂੰ ਕਬਜ਼ੇ ਵਿੱਚ ਲੈ ਕੇ ਪੰਜਾਬ ਸਰਕਾਰ ਨੂੰ ਸੂਚਿਤ ਕਰੇ। ਇਸ ਜਮੀਨ ਨੂੰ ਕਬਜ਼ੇ ਵਿੱਚ ਲੈਕੇ ਜਮੀਨ ਵਿੱਚ ਖੜ੍ਹੇ ਦਰਖਤ, ਬੀਜੀ ਗਈ ਫ਼ਸਲ ਅਤੇ ਜਮੀਨ ਵਿੱਚੋ ਹੋਰ ਨਜਾਇਜ਼ ਖੁਦਾਈ ਨਾ ਹੋ ਸਕੇ ਦੀ ਰਖਵਾਲੀ ਕਰਵਾਉਣ ਅਤੇ ਸਰਕਾਰੀ ਸੰਪਤੀ ਦੀ ਰੱਖਿਆ ਕਰਨ ਦੀ ਜਿੰਮੇਵਾਰੀ ਜਿਲ੍ਹਾ ਪ੍ਰਸਾਸਨ ਐਸ ਏ ਐਸ ਨਗਰ ਦੀ ਸੀ।”
ਪੱਤਰ ਵਿਚ ਅੱਗੇ ਲਿਖਿਆ ਗਿਆ “ਪ੍ਰੰਤੂ ਜਿਲਾ ਪ੍ਰਸ਼ਾਸਨ ਨੇ ਸਰਕਾਰੀ ਹੁਕਮਾਂ ਨੂੰ ਲਾਗੂ ਕਰਕੇ ਇਸ ਜਮੀਨ ਨੂੰ ਕਬਜ਼ੇ ਵਿੱਚ ਲੈਣ ਦੀ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਉਸ ਸਰਕਾਰੀ ਜਮੀਨ ਵਿੱਚ ਖੜੀ ਫ਼ਸਲ ਅਤੇ ਦਰਖਤਾਂ ਨੂੰ ਬਚਾਉਣ ਦੀ ਕੋਈ ਕੋਸ਼ਿਸ਼ ਕੀਤੀ ਹੈ। ਮਿਤੀ 23, 24 ਅਤੇ 25 ਦਸੰਬਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਅਤੇ ਅਣਗਾਲੀ ਕਾਰਨ ਡੇਰਾਬਸੀ ਬਲਾਕ ਦੇ ਪਿੰਡ ਝਰਮੜੀ ਅਤੇ ਸਮਗੋਲੀ ਦੀ ਸਰਕਾਰੀ ਜਮੀਨ ਵਿੱਚ ਖੜ੍ਹੇ 30 ਤੋਂ 35 ਸਾਲ ਪੁਰਾਣੇ ਹਰੇ ਦਰਖਤ ਵੱਢ ਕੇ ਮਾਫੀਏ ਵੱਲੋਂ ਖੁਰਦ ਬੁਰਦ ਕਰ ਦਿੱਤੇ ਗਏ ਜਿਸ ਦੀਆਂ ਸ਼ਿਕਾਇਤਾਂ ਕੁਝ ਲੋਕਾਂ ਵੱਲੋਂ ਅਧਿਕਾਰੀਆਂ ਨੂੰ ਕੀਤੀਆਂ ਗਈਆਂ ਅਤੇ ਮਾਮਲੇ ਨੂੰ ਮੀਡੀਆ ਵਿੱਚ ਹਾਈਲਾਈਟ ਕੀਤਾ ਗਿਆ ਪਰੰਤੂ ਜਿਲ੍ਹਾ ਪ੍ਰਸਾਸਨ ਦੇ ਅਧਿਕਾਰੀਆਂ ਨੇ ਉਹਨਾਂ ਦਰਖਤਾਂ ਨੂੰ ਖੁਰਦ ਬੁਰਦ ਹੋਣ ਤੋਂ ਰੋਕਣ ਵਾਸਤੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਜੋ ਦਰਖਤ ਵੱਢ ਕੇ ਖ਼ੁਰਦ – ਬੁਰਦ ਕੀਤੇ ਗਏ ਹਨ ਉਹਨਾਂ ਦੀ ਕੋਈ ਰਿਕਵਰੀ ਕੀਤੀ ਗਈ ਹੈ ਜਿਸ ਦੀ ਜਿੰਮੇਵਾਰੀ ਸਿੱਧੇ ਤੌਰ ਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਜ਼ਿਲਾ ਐਸ ਏ ਐਸ ਨਗਰ ਮੋਹਾਲੀ ਦੀ ਬਣਦੀ ਹੈ।”
ਅੱਗੇ ਲਿੱਖਦੇ ਉਨ੍ਹਾਂ ਕਿਹਾ “ਜਿਲ੍ਹਾ ਪ੍ਰਸਾਸਨ ਦੀ ਮਿਲੀ ਭੁਗਤ ਅਤੇ ਅਣਗਿਹਲੀ ਕਾਰਨ ਵਾਤਾਵਰਨ ਨੂੰ ਵੱਡਾ ਨੁਕਸਾਨ ਹੋਇਆ ਹੈ ਅਤੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਖੋਰਾ ਲੱਗਿਆ ਹੈ ਅਤੇ ਸਰਕਾਰੀ ਹੁਕਮਾਂ ਦੀ ਉਲੰਘਣਾ ਹੋਈ ਹੈ ਜਿਸ ਕਾਰਨ ਜਿਲ੍ਹਾ ਪ੍ਰਸਾਸਨ ਦੇ ਜਿੰਮੇਵਾਰ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਮੋਹਾਲੀ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਬਣਦਾ ਪਰਚਾ ਦਰਜ਼ ਕੀਤਾ ਜਾਵੇ ਅਤੇ ਅਧਿਕਾਰੀਆਂ ਨੂੰ ਤੁਰੰਤ ਮੌਹਾਲੀ ਜਿਲ੍ਹੇ ਵਿੱਚੋ ਬਦਲਿਆ ਜਾਵੇ।”
