ਕੇਂਦਰੀ ਜੇਲ੍ਹ ਗੁਰਦਾਸਪੁਰ ‘ਚ ਵਿਸ਼ੇਸ਼ ਸਰਚ ਓਪਰੇਸ਼ਨ, ਨੌਕੀਲੇ ਹਥਿਆਰ ਬਰਾਮਦ

ਗੁਰਦਾਸਪੁਰ, 16 ਮਾਰਚ (ਗੁਰਪ੍ਰੀਤ ਸਿੰਘ) : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਏ ਜਾ ਰਹੇ ਯੁੱਧ ਤਹਿਤ ਡੀ.ਜੀ.ਪੀ. ਪੰਜਾਬ ਸ੍ਰੀ ਗੌਰਵ ਯਾਦਵ ਦੀਆਂ ਹਦਾਇਤਾਂ ‘ਤੇ ਗੁਰਦਾਸਪੁਰ ਪੁਲਿਸ ਨੇ ਕੇਂਦਰੀ ਜੇਲ੍ਹ ਗੁਰਦਾਸਪੁਰ ‘ਚ ਵਿਸ਼ੇਸ਼ ਸਰਚ ਓਪਰੇਸ਼ਨ ਚਲਾਇਆ। ਇਹ ਸਰਚ ਓਪਰੇਸ਼ਨ ਆਈ.ਜੀ. ਸ੍ਰੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਆਈ.ਪੀ.ਐੱਸ. ਅਤੇ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਆਦਿੱਤਿਆ, ਆਈ.ਪੀ.ਐੱਸ. ਦੀ ਦੇਖ-ਰੇਖ ਹੇਠ ਹੋਇਆ।

ਇਸ ਸਰਚ ਓਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਆਦਿੱਤਿਆ, ਆਈ.ਪੀ.ਐੱਸ. ਨੇ ਦੱਸਿਆ ਕਿ ਕੇਂਦਰੀ ਜੇਲ੍ਹ ਦੇ ਸਰਚ ਓਪਰੇਸ਼ਨ ਦੌਰਾਨ ਜੇਲ੍ਹ ਵਿੱਚ ਕੁੱਲ 15 ਬੈਰਕਾਂ ਦੀ ਚੈਕਿੰਗ ਕੀਤੀ ਗਈ, ਜਿਸ ਵਿੱਚ 14 ਬੈਰਕਾਂ ਮਰਦਾਂ ਦੀਆਂ ਅਤੇ 1 ਬੈਰਕ ਮਹਿਲਾ ਬੰਦੀਆਂ ਦੀ ਸੀ। ਇਸ ਤੋਂ ਇਲਾਵਾ ਜੇਲ੍ਹ ਵਿੱਚ ਸਥਿਤ ਹਸਪਤਾਲ, ਫੈਕਟਰੀ ਅਤੇ ਚੱਕੀ ਦੀ ਵੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੈਕਿੰਗ ਓਪਰੇਸ਼ਨ ਦੌਰਾਨ ਜੇਲ੍ਹ ਵਿੱਚ ਬੰਦ 1491 ਬੰਦੀਆਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ। ਐੱਸ.ਐੱਸ.ਪੀ. ਗੁਰਦਾਸਪੁਰ ਨੇ ਦੱਸਿਆ ਕਿ ਇਸ ਸਰਚ ਓਪਰੇਸ਼ਨ ਦੌਰਾਨ ਉਨ੍ਹਾਂ ਸਮੇਤ 1 ਐੱਸ.ਪੀ., 6 ਡੀ.ਐੱਸ.ਪੀ., 6 ਐੱਸ.ਐੱਚ.ਓ., ਸੀ.ਆਈ.ਏ. ਦੇ ਇੰਚਾਰਜ ਅਤੇ 200 ਪੁਲਿਸ ਕਰਮੀ ਮੌਜੂਦ ਸਨ। ਇਸ ਤੋਂ ਇਲਾਵਾ ਚੈਕਿੰਗ ਓਪਰੇਸ਼ਨ ਦੌਰਾਨ ਜੇਲ੍ਹ ਸੁਪਰਡੈਂਟ ਅਤੇ ਜੇਲ੍ਹ ਸਟਾਫ ਵੀ ਮੌਜੂਦ ਸੀ।

ਐੱਸ.ਐੱਸ.ਪੀ. ਸ੍ਰੀ ਆਦਿੱਤਿਆ ਨੇ ਦੱਸਿਆ ਕਿ ਚੈਕਿੰਗ ਓਪਰੇਸ਼ਨ ਦੌਰਾਨ ਬੈਰਕਾਂ ਵਿਚੋਂ ਛੋਟੇ ਨੋਕੀਲੇ ਹਥਿਆਰ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਜੇਲ੍ਹ ਵਿਚੋਂ ਨਸ਼ੀਲੇ ਪਦਾਰਥ ਜਾਂ ਮੋਬਾਇਲ ਫੋਨ ਬਰਾਮਦ ਨਹੀਂ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਸਰਚ ਓਪਰੇਸ਼ਨ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਕੀਤਾ ਗਿਆ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਓਪਰੇਸ਼ਨ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਪੂਰੀ ਤਰਾਂ ਵਚਨਬੱਧ ਹੈ।

By Gurpreet Singh

Leave a Reply

Your email address will not be published. Required fields are marked *