ਨੈਸ਼ਨਲ ਟਾਈਮਜ਼ ਬਿਊਰੋ :- ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬੇਹੱਦ ਡਾਵਾਂਡੋਲ ਹੋ ਚੁੱਕੀ ਹੈ ਅਤੇ ਸੂਬੇ ਨੂੰ ਇੱਕ ਵਾਰੀ ਫਿਰ ਖ਼ਤਰਨਾਕ ਦੌਰ ਵੱਲ ਧੱਕਿਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਪਿੱਛੇ ਸਰਕਾਰੀ ਤੰਤਰ ਅਤੇ ਕੇਂਦਰੀ ਏਜੰਸੀਆਂ ਦੀ ਭੂਮਿਕਾ ਸ਼ੰਕਾ ਦੇ ਘੇਰੇ ‘ਚ ਹੈ, ਜਿਨ੍ਹਾਂ ਵੱਲੋਂ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਮੁੱਖ ਮੰਤਰੀ ਇਸ ਮਾਮਲੇ ‘ਚ ਖਾਮੋਸ਼ ਹਨ।
ਚੰਨੀ ਚਮਕੌਰ ਸਾਹਿਬ ਵਿੱਚ ਕਾਂਗਰਸ ‘ਚ ਨਵੇਂ ਆਏ ਆਗੂਆਂ ਅਤੇ ਵਰਕਰਾਂ ਨੂੰ ਸ਼ਾਮਲ ਕਰਨ ਮੌਕੇ ਪਹੁੰਚੇ ਸਨ। ਨਗਰ ਪੰਚਾਇਤ ਕੌਂਸਲਰ ਕਿਰਪਾਲ ਸਿੰਘ ਗਿੱਲ ਦੀ ਅਗਵਾਈ ਹੇਠ ਲਗਭਗ ਦੋ ਦਰਜਨ ਆਗੂ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਕਾਂਗਰਸ ‘ਚ ਆਏ। ਸ੍ਰੀ ਚੰਨੀ ਨੇ ਜਲੰਧਰ ‘ਚ ਭਾਜਪਾ ਆਗੂ ਦੇ ਘਰ ‘ਤੇ ਹੋਏ ਗ੍ਰਨੇਡ ਹਮਲੇ ਨੂੰ ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਦੀ ਨਮੂਨਾ ਦੱਸਦੇ ਹੋਏ ਮੌਜੂਦਾ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਚਮਕੌਰ ਸਾਹਿਬ ਵਿੱਚ ਸ਼ੁਰੂ ਹੋਈ ਟੈਕਨੀਕਲ ਯੂਨੀਵਰਸਿਟੀ ਦੀ ਚਲ ਰਹੀ ਨਿਰਮਾਣ ਪ੍ਰਕਿਰਿਆ ਨੂੰ ਮੌਜੂਦਾ ਸਰਕਾਰ ਨੇ ਰੋਕ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕ “ਆਪ” ਸਰਕਾਰ ਤੋਂ ਨਿਰਾਸ਼ ਹੋ ਕੇ ਮੁੜ ਕਾਂਗਰਸ ਨੂੰ ਵਾਪਸ ਲਿਆਉਣ ਲਈ ਉਤਾਵਲੇ ਹਨ।
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਅਤੇ ਸਾਬਕਾ ਕੌਂਸਲਰ ਵਰਿੰਦਰ ਕੁਮਾਰ ਵਿੱਕੀ ਸਮੇਤ ਕਈ ਸਥਾਨਕ ਆਗੂ ਮੌਜੂਦ ਸਨ। ਦੂਜੇ ਪਾਸੇ ਮੋਰਿੰਡਾ ‘ਚ ਹੋਏ ਇਕ ਪ੍ਰਭਾਵਸ਼ਾਲੀ ਇਕੱਠ ਦੌਰਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੋਕ ਸਭਾ ਵਿੱਚ ਕਿਸਾਨੀ ਮਸਲਿਆਂ ਨੂੰ ਜ਼ੋਰਦਾਰ ਢੰਗ ਨਾਲ ਚੁੱਕਣ ਅਤੇ ਪੱਖੀ ਸਿਫਾਰਸ਼ਾਂ ਕਰਨ ਲਈ ਸਨਮਾਨਿਤ ਕੀਤਾ। ਆਪਣੇ ਸੰਬੋਧਨ ਵਿੱਚ ਚੰਨੀ ਨੇ ਦੱਸਿਆ ਕਿ ਉਹਨਾਂ ਦੀ ਪ੍ਰਧਾਨਗੀ ਹੇਠ ਬਣੀ 31 ਮੈਂਬਰੀ ਸੰਸਦੀ ਕਮੇਟੀ ਨੇ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਸਬੰਧੀ ਕੇਂਦਰ ਸਰਕਾਰ ਨੂੰ 12 ਰਿਪੋਰਟਾਂ ਪੇਸ਼ ਕੀਤੀਆਂ ਹਨ।
ਇਸ ਮੌਕੇ ਕਿਸਾਨ ਆਗੂ ਕੁਲਵੰਤ ਸਿੰਘ ਰੁੜਕੀ, ਦਵਿੰਦਰ ਸਿੰਘ ਦੇਹਕਲਾਂ, ਜਸਪਾਲ ਸਿੰਘ ਲਾਂਡਰਾਂ, ਬੰਤ ਸਿੰਘ ਕਲਾਰਾਂ ਅਤੇ ਅਵਤਾਰ ਸਿੰਘ ਲੁਠੇੜੀ ਆਦਿ ਵੀ ਮੌਜੂਦ ਸਨ।
