ਡੇਰਾਬੱਸੀ, 16 ਅਪਰੈਲ (ਗੁਰਪ੍ਰੀਤ ਸਿੰਘ): ਪਿੰਡ ਮੁਕੰਦਪੁਰ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਧੜਿਆਂ ਵਿਚਕਾਰ ਹੋਈ ਖੂਨੀ ਝੜਪ ਮਾਮਲੇ ‘ਚ ਲਾਪਰਵਾਹੀ ਦੇ ਦੋਸ਼ ਹੇਠ ਥਾਣਾ ਮੁਖੀ ਇੰਸਪੈਕਟਰ ਮਨਦੀਪ ਸਿੰਘ ਦੀ ਬਦਲੀ ਕਰ ਦਿੱਤੀ ਗਈ ਹੈ। ਐਸ.ਐਸ.ਪੀ. ਮੁਹਾਲੀ ਡਾ. ਦੀਪਕ ਪਾਰਿਕ ਨੇ ਇਹ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਪੁਲਿਸ ਲਾਈਨ ਵਿੱਚ ਭੇਜ ਦਿੱਤਾ, ਜਦਕਿ ਇੰਸਪੈਕਟਰ ਸੁਮੀਤ ਮੋਰ ਨੂੰ ਨਵਾਂ ਥਾਣਾ ਮੁਖੀ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਇੰਸਪੈਕਟਰ ਸੁਮੀਤ ਮੋਰ ਸਾਈਬਰ ਸੈੱਲ ਵਿੱਚ ਤਾਇਨਾਤ ਸੀ। ਸੁਮੀਤ ਮੋਰ ਇਸ ਤੋਂ ਪਹਿਲਾਂ ਹਲਕਾ ਡੇਰਾਬੱਸੀ ਦੇ ਢਕੋਲੀ ਥਾਣਾ ਵਿੱਚ ਬਤੌਰ ਥਾਣਾ ਮੁਖੀ ਰਹਿ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਪਿੰਡ ਮੁਕੰਦਪੁਰ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਧੜਿਆਂ ਵਿਚਕਾਰ ਪਹਿਲਾਂ ਦਿਨ ਵੇਲੇ ਲੜਾਈ ਹੋਈ ਸੀ। ਲੜਾਈ ਵਿੱਚ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਪਿੰਡ ਅਤੇ ਹਸਪਤਾਲ ਵਿੱਚ ਤਣਾਅ ਬਣਿਆ ਹੋਇਆ ਸੀ। ਮਾਮਲੇ ਦੀ ਗੰਭੀਰਤਾਂ ਨੂੰ ਦੇਖਦਿਆਂ ਪੁਲੀਸ ਦੇ ਉੱਚ ਅਧਿਕਾਰੀਆਂ ਵੱਲੋਂ ਦੰਗਾ ਨਿਰੋਧੀ ਦਲ ਅਤੇ ਡੇਰਾਬੱਸੀ ਪੁਲੀਸ ਨੂੰ ਹਸਪਤਾਲ ਦੇ ਬਾਹਰ ਚੌਕਸੀ ਵਰਤਣ ਦੇ ਹੁਕਮ ਦਿੱਤੇ ਗਏ ਸੀ। ਪਰ ਝਗੜਾ ਹੋਣ ਤੋਂ ਐਨ ਪਹਿਲਾਂ ਪੁਲੀਸ ਹਸਪਤਾਲ ਦੇ ਬਾਹਰ ਤੋਂ ਕਥਿਤ ਤੌਰ ’ਤੇ ਗਾਇਬ ਹੋ ਗਈ ਜਿਸ ਨੂੰ ਲੈ ਕੇ ਦੋਵਾਂ ਧਿਰਾਂ ਵੱਲੋਂ ਹਸਪਤਾਲ ਵਿੱਚ ਇਕ ਦੂਜੇ ਦੀ ਕੁੱਟਮਾਰ ਕਰਨ ਤੋਂ ਇਲਾਵਾ ਹਸਪਤਾਲ ਵਿੱਚ ਤੋੜ ਫੋੜ ਕੀਤੀ। ਮਾਮਲੇ ਦਾ ਐਸ.ਐਸ.ਪੀ. ਡਾ. ਦੀਪਕ ਪਾਰਿਕ ਅਤੇ ਹੋਰਨਾਂ ਉੱਚ ਅਧਿਕਾਰੀਆਂ ਵੱਲੋਂ ਗੰਭੀਰ ਨੋਟਿਸ ਲੈਂਦਿਆਂ ਥਾਣਾ ਮੁਖੀ ਮਨਦੀਪ ਸਿੰਘ ਨੂੰ ਲਾਪ੍ਰਵਾਹੀ ਲਈ ਜਿੰਮੇਦਾਰ ਬਣਦਿਆਂ ਉਨ੍ਹਾਂ ਦੀ ਬਦਲੀ ਕਰ ਦਿੱਤੀ।
ਗੱਲ ਕਰਨ ’ਤੇ ਨਵੇਂ ਥਾਣਾ ਮੁਖੀ ਸੁਮੀਤ ਮੋਰ ਨੇ ਕਿਹਾ ਕਿ ਐਸ.ਐਸ.ਪੀ. ਮੁਹਾਲੀ ਦੇ ਹੁਕਮਾਂ ’ਤੇ ਅੱਜ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਬਣਾਏ ਰੱਖਣਾ ਉਨ੍ਹਾਂ ਦੀ ਮੁੱਢਲੀ ਜਿੰਮੇਦਾਰੀ ਹੈ।
