ਨੈਸ਼ਨਲ ਟਾਈਮਜ਼ ਬਿਊਰੋ :- ਸ਼ਹਿਰ ਵਿੱਚ ਵਧ ਰਹੀ ਟਰੈਫਿਕ ਦੀ ਸਮੱਸਿਆ ਅਤੇ ਸੜਕਾਂ ਤੇ ਨਜਾਇਜ਼ ਕਬਜਿਆਂ ਨੂੰ ਲੈ ਕੇ ਅੱਜ ਮਾਨਯੋਗ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀ ਅਗਵਾਈ ਸ੍ਰੀਮਤੀ ਅਮਨਦੀਪ ਕੌਰ, ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਟਰੈਫਿਕ), ਅੰਮ੍ਰਿਤਸਰ ਵੱਲੋਂ ਕੀਤੀ ਗਈ, ਜਿਹੜੀ ਜੋਨ ਇੰਚਾਰਜਾਂ ਦੀ ਟੀਮ ਸਮੇਤ ਕਈ ਮੁੱਖ ਸੜਕਾਂ ਤੇ ਨਜਾਇਜ਼ ਢੰਗ ਨਾਲ ਲੱਗੀਆਂ ਰੇਹੜੀਆਂ, ਫੜੀਆਂ ਅਤੇ ਦੂਕਾਨਦਾਰਾਂ ਦੇ ਕਬਜੇ ਹਟਾਉਣ ਲਈ ਉਤਰੀ।
ਇਹ ਮੁਹਿੰਮ ਰਿਆਲਟੋ ਚੌਕ, ਅਸ਼ੋਕਾ ਚੌਕ, ਕ੍ਰਿਸਟਲ ਚੌਕ, ਬਟਾਲਾ ਰੋਡ ਪੈਟਰੋਲ ਪੰਪ, ਐਸ. ਚੌਕ, ਘਾਲਾਮਾਲਾ ਚੌਕ, ਡੀ-ਮਾਰਟ, ਡੀ.ਏ.ਵੀ ਸਕੂਲ ਵਾਲਾ ਬਜ਼ਾਰ, ਨਾਵਲਟੀ ਚੌਕ, ਕਸਟਮ ਚੌਕ, ਰਾਣੀ ਕਾ ਬਾਗ, ਕੰਟੋਨਮੈਂਟ ਚੌਕ, ਬਾਲਮੀਕੀ ਮੂਰਤੀ ਚੌਕ, ਗਵਾਲ ਮੰਡੀ ਚੌਕ ਅਤੇ ਸੀਨੀਅਰ ਸਟੱਡੀ ਸਕੂਲ ਤੱਕ ਚਲਾਈ ਗਈ। ਇਨ੍ਹਾਂ ਥਾਵਾਂ ‘ਤੇ ਟਰੈਫਿਕ ਨੂੰ ਬਾਅਦ ‘ਚ ਸੁਚਾਰੂ ਢੰਗ ਨਾਲ ਚਲਾਇਆ ਗਿਆ।
ਇਸ ਦੌਰਾਨ ਸੜਕਾਂ ਅਤੇ ਫੁੱਟਪਾਥਾਂ ‘ਤੇ ਨਜਾਇਜ਼ ਤਰੀਕੇ ਨਾਲ ਰੱਖੇ ਸਮਾਨ ਨੂੰ ਹਟਾਇਆ ਗਿਆ। ਦੁਕਾਨਦਾਰਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਕਿ ਭਵਿੱਖ ‘ਚ ਜੇਕਰ ਕੋਈ ਵੀ ਵਿਅਕਤੀ ਦੁਕਾਨਾਂ ਦਾ ਸਮਾਨ ਬਾਹਰ ਰੱਖਦਾ ਪਾਇਆ ਗਿਆ, ਤਾਂ ਉਸ ਖ਼ਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਟਰੈਫਿਕ ਵਿਭਾਗ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ, ਤਾਂ ਜੋ ਸ਼ਹਿਰ ਵਾਸੀਆਂ ਨੂੰ ਟਰੈਫਿਕ ਸੰਬੰਧੀ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ ਅਤੇ ਸ਼ਹਿਰ ਦੇ ਆਮ ਜੀਵਨ ਨੂੰ ਬਿਹਤਰ ਬਣਾਇਆ ਜਾ ਸਕੇ।
